ਦਿੱਲੀ ਗੁਰਦੁਆਰਾ ਵਾਰਡਾਂ ਦੀ ਹੱਦਬੰਦੀ ਦਰੁਸਤ ਕਰਕੇ ਨਵੀਆਂ ਵੋਟਰ ਸੂਚੀਆਂ ਬਣਾਈਆਂ ਜਾਣ – ਦਸ਼ਮੇਸ਼ ਸੇਵਾ ਸੁਸਾਇਟੀ

ਨਵੀਂ ਦਿੱਲੀ, 17 ਜਨਵਰੀ – ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ਨੇ ਆਪਣੀ ਕਾਰਜਕਾਰੀ ਬੋਰਡ ਦੀ ਅਹਿਮ ਮੀਟਿੰਗ ‘ਚ ਫ਼ੈਸਲਾ ਲੈਂਦਿਆਂ ਦਿੱਲੀ ਸਰਕਾਰ ਨੂੰ ਗੁਰਦੁਆਰਾ ਵਾਰਡਾਂ ਦੀ ਹੱਦਬੰਦੀ ਦਰੁਸਤ ਕਰਕੇ ਨਵੀਆਂ ਵੋਟਰ ਸੂਚੀਆਂ ਤਿਆਰ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਇੰਦਰ ਮੋਹਨ ਸਿੰਘ ਨੇ ਦੱਸਿਆ ਹੈ ਕਿ ਅਦਾਲਤਾਂ ਵੱਲੋਂ ਬੀਤੇ ਲੰਬੇ ਸਮੇਂ ਤੋਂ ਇਸ ਸਬੰਧ ‘ਚ ਜਾਰੀ ਆਦੇਸ਼ਾਂ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਸਾਲ 1995, 2002, 2007, 2013, 2017 ਅਤੇ 2021 ‘ਚ 40 ਸਾਲ ਪੁਰਾਣੀਆਂ ਵੋਟਰ ਸੂਚੀਆਂ ‘ਚ ਅਧੂਰੀ ਸੋਧ ਕਰਕੇ ਦਿੱਲੀ ਗੁਰਦੁਆਰਾ ਚੋਣਾਂ ਕਰਵਾਉਣ ਦੀ ਕਿਵਾਇਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 1983 ‘ਚ ਬਣਾਈਆਂ ਗਈਆਂ ਵੋਟਰ ਸੂਚੀਆਂ ‘ਚ ਹਾਲੇ ਵੀ ਉਨ੍ਹਾਂ ਵੋਟਰਾਂ ਦੇ ਨਾਮ ਦਰਜ ਹਨ ਜੋ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ ਜਾਂ ਆਪਣੀ ਰਿਹਾਇਸ਼ ਕਈ ਵਾਰ ਬਦਲ ਚੁੱਕੇ ਹਨ। ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਰਿਹਾਇਸ਼ ਬਦਲ ਚੁੱਕੇ ਵੋਟਰਾਂ ਦੇ ਨਾਉਂ ਵੱਖ-ਵੱਖ ਥਾਵਾਂ ‘ਤੇ ਕਈ ਵਾਰ ਦਰਜ ਹੋ ਸਕਦਾ ਹੈ ਜਦੋਂ ਕਿ ਇਸ ਲੰਬੇ ਵੱਖਵੇ ਦੌਰਾਨ ਸ਼ਾਦੀ ਕਰ ਚੁੱਕੀਆਂ ਬੱਚੀਆਂ ਦੇ ਨਾਮ ਦੇ ਨਾਲ ਉਨ੍ਹਾਂ ਦੇ ਪਤੀ ਦੇ ਨਾਮ ਦੀ ਥਾਂ ‘ਤੇ ਹਾਲਾਂ ਵੀ ਪਿਤਾ ਦਾ ਨਾਮ ਦਰਜ ਹੈ।
ਸ. ਇੰਦਰ ਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਲਾਂਕਿ ਵਾਰਡਾਂ ਦੀ ਮੁੜ ਹੱਦਬੰਦੀ ਸਾਲ 2015 ‘ਚ ਕੀਤੀ ਗਈ ਸੀ ਪਰੰਤੂ ਖ਼ਾਮੀਆਂ ਨਾਲ ਭਰਪੂਰ ਇਸ ਹੱਦਬੰਦੀ ਪ੍ਰਕ੍ਰਿਆ ‘ਚ ਵਾਰਡਾਂ ਦੀ ਹੱਦਬੰਦੀ ਦੇ ਨੋਟੀਫ਼ਿਕੇਸ਼ਨ ‘ਚ ਦਰਸਾਏ ਗਏ ਇਲਾਕੇ ਨਾ ਤਾਂ ਪੋਲਿੰਗ ਸਟੇਸ਼ਨਾਂ ‘ਤੇ ਨਾ ਹੀ ਵਾਰਡਾਂ ਦੇ ਨਕਸ਼ੇ ਨਾਲ ਮੇਲ ਖਾਂਦੇ ਹਨ। ਕਈ ਥਾਵਾਂ ‘ਤੇ ਇਹੋ ਜਿਹੀਆਂ ਸੜਕਾਂ ਨੂੰ ਆਪਸ ‘ਚ ਮਿਲਦਿਆਂ ਦਰਸਾਇਆ ਗਿਆ ਹੈ ਜੋ ਇਕ ਦੂਜੇ ਤੋਂ ਕਈ ਕਿੱਲੋਮੀਟਰ ਦੀ ਦੂਰੀ ‘ਤੇ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ 40 ਫੀਸਦੀ ਵੋਟਰਾਂ ਦੇ ਨਾਲ ਉਨ੍ਹਾਂ ਦੀ ਫ਼ੋਟੋ ਸਮੇਤ ਦਰਜ ਹਨ ਜਦੋਂ ਕਿ ਜੁਲਾਈ 2010 ‘ਚ ਹੋਈ ਸੋਧ ਦੇ ਮੁਤਾਬਿਕ ਸਾਰੇ ਵੋਟਰ ਫ਼ੋਟੋ ਸਹਿਤ ਇਨ੍ਹਾਂ ਸੂਚੀਆਂ ‘ਚ ਦਰਜ ਹੋਣੇ ਲਾਜ਼ਮੀ ਕੀਤੇ ਗਏ ਸਨ।
ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਿੱਲੀ ਦੇ ਉਪ-ਰਾਜਪਾਲ ਵੀ. ਕੇ. ਸਕਸੈਨਾ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਡਾਇਰੈਕਟਰ ਗੁਰਦੁਆਰਾ ਚੋਣਾਂ ਮੰਨਵਿੰਦਰ ਸਿੰਘ ਨੂੰ ਆਪਣੇ ਪੱਤਰ ਰਾਹੀ ਦਿੱਲੀ ਦੇ ਸਾਰੇ 46 ਵਾਰਡਾਂ ਦਾ ਸਰਵੇ ਕਰਨ ਤੋਂ ਉਪਰੰਤ ਮੁੜ ਹੱਦਬੰਦੀ ਕਰਨ ਅਤੇ ਸਿੱਖ ਵੋਟਾਂ ਦੀ ਬਰਾਬਰ ਵੰਡ ਕਰਨ ਦੇ ਆਧਾਰ ‘ਤੇ ਘਰ-ਘਰ ਜਾ ਕੇ ਨਵੀਆਂ ਵੋਟਾਂ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕ੍ਰਿਆ ਨੂੰ ਪੂਰਾ ਕਰਨ ਨਾਲ ਜਿੱਥੇ ਜਨਵਰੀ 2026 ‘ਚ ਨਿਰਧਾਰਿਤ ਗੁਰਦੁਆਰਾ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ‘ਚ ਮਦਦ ਮਿਲੇਗੀ, ਉੱਥੇ ਦਿੱਲੀ ‘ਚ ਸਿੱਖਾਂ ਦੀ ਸਹੀ ਗਿਣਤੀ ਦੇ ਅੰਕੜੇ ਵੀ ਸਾਹਮਣੇ ਆਉਣਗੇ, ਕਿਉਂਕਿ ਮੌਜੂਦਾ 3 ਲੱਖ 42 ਹਜ਼ਾਰ ਸਿੱਖ ਵੋਟਰਾਂ ਦੀ ਤਾਦਾਦ ਸਹੀ ਪ੍ਰਤੀਤ ਨਹੀਂ ਹੁੰਦੀ ਹੈ।
ਇੰਦਰ ਮੋਹਨ ਸਿੰਘ,
ਪ੍ਰਧਾਨ, ਦਸ਼ਮੇਸ਼ ਸੇਵਾ ਸੁਸਾਇਟੀ (ਰਜਿ:) ‘ਤੇ
ਸਾਬਕਾ ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਮੋਬਾਇਲ: 0091 9971564801