ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਦੀ ਗੂੰਜ ਵ੍ਹਾਈਟ ਹਾਊਸ (ਅਮਰੀਕਾ) ਤੱਕ ਪਹੁੰਚੀ

7 ਜਨਵਰੀ ਦੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਸੰਦੇਸ਼ ਉੱਪਰ ਲੱਗੇ ਕੌਮੀ ਇਨਸਾਫ਼ ਮੋਰਚੇ ਤੋਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਵੀ ਹੋਏ ਸਰਗਰਮ
ਵਾਸ਼ਿੰਗਟਨ ਡੀ ਸੀ, 15 ਜਨਵਰੀ – ਅੱਜ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਦੇ ਟਿਕਾਣੇ ਵ੍ਹਾਈਟ ਹਾਊਸ ਅੱਗੇ ਅਮਰੀਕੀ ਸਿੱਖਾਂ ਨੇ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ। ਦੱਸਣਯੋਗ ਹੈ ਕੇ ਵੱਡੀ ਗਿਣਤੀ ਵਿੱਚ ਦੁਨੀਆ ਭਰ ਦੇ ਸੈਲਾਨੀ ਵਾਸ਼ਿੰਗਟਨ ਡੀ ਸੀ ਸੈਰ ਸਪਾਟੇ ਲਈ ਆਉਂਦੇ ਹਨ ਤੇ ਐਤਵਾਰ ਦਾ ਦਿਨ ਹੋਣ ਕਰਕੇ ਅੱਜ ਵ੍ਹਾਈਟ ਹਾਊਸ ਅੱਗੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ, ਜਿਨ੍ਹਾਂ ਨੂੰ ਕੇ ਬੰਦੀ ਸਿੰਘਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਅਤੇ ਪੰਜਾਬ ਤੇ ਭਾਰਤ ਵਿੱਚ ਸਿੱਖ ਕੌਮ ਨਾਲ ਹੋ ਰਹੇ ਨਾਇਨਸਾਫ਼ੀ ਪ੍ਰਤੀ ਘੰਟਿਆਂ ਬੱਧੀ ਪੈਂਫ਼ਲਿਟ ਵੰਡੇ ਗਏ ਅਤੇ ਜਾਣਕਾਰੀ ਦਿੱਤੀ ਗਈ।
ਮੁਜ਼ਾਹਰੇ ਵਿੱਚ ਬੰਦੀ ਸਿੰਘਾਂ ਦੇ ਵੱਢ ਆਕਾਰੀ ਪੋਸਟਰ ਵੀ ਲਗਾਏ ਹੋਏ ਸਨ। ਉੱਥੇ ਮੌਜੂਦ ਸੈਲਾਨੀਆਂ ਅਤੇ ਹੋਰ ਲੋਕਾਂ ਨੇ ਬੰਦੀ ਸਿੰਘਾਂ ਦੇ ਪੋਸਟਰਾਂ ਦੀਆਂ ਫ਼ੋਟੋਆਂ ਖਿੱਚੀਆਂ ਅਤੇ ਉਤਸੁਕਤਾ ਨਾਲ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਵਿਦੇਸ਼ੀ ਲੋਕ ਮੂੰਹ ‘ਚ ਉਂਗਲਾਂ ਪਾ ਕੇ ਦੰਗ ਰਹਿ ਗਏ ਕੇ ਆਪਣੇ ਆਪ ਨੂੰ ਡੈਮੋਕਰੇਸੀ ਕਹਾਉਣ ਵਾਲੇ ਭਾਰਤ ਵਿੱਚ ਸਿੱਖਾਂ ਨਾਲ ਏਨੇ ਲੰਮੇ ਸਮੇਂ ਤੋਂ ਧੱਕਾ ਹੋ ਰਿਹਾ ਹੈ ਅਤੇ ਉਮਰ ਕੈਦ ਦੀ ਸਜਾ ਪੂਰੀ ਹੋਣ ਤੋਂ ਬਾਅਦ ਜਿੱਥੇ ਹੋਰ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਉੱਥੇ ਹੀ ਸਿੱਖ ਸਿਆਸੀ ਕੈਦੀਆਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਦੂਜੇ ਦਰਜੇ ਦੇ ਸ਼ਹਿਰੀ ਸਮਝ ਕੇ ਸਜਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਅੱਜ ਯੂਕਰੇਨ ਦੇ ਲੋਕ ਵੀ ਉੱਥੇ ਰੂਸ ਦੇ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਸਿੱਖ ਸਿਆਸੀ ਕੈਦੀਆਂ ਤੇ ਇਨਸਾਫ਼ ਮੋਰਚੇ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ ਸਿੱਖਾਂ ਦਾ ਸਾਥ ਦਿੱਤਾ ਅਤੇ ਸਿੱਖਾਂ ਨੇ ਵੀ ਰੂਸ ਖ਼ਿਲਾਫ਼ ਯੂਕਰੇਨ ਦੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ, ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਸਮੇਂ ਰੂਸ ਨੇ ਭਾਰਤ ਦੀ ਸਰਕਾਰ ਦਾ ਸਾਥ ਦਿੱਤਾ ਸੀ।
ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਦਿੱਤੇ ਗਏ ਸੰਦੇਸ਼ ਦੇ ਤਹਿਤ ਜਿੱਥੇ 7 ਜਨਵਰੀ ਤੋਂ ਕੌਮੀ ਇਨਸਾਫ਼ ਮੋਰਚਾ ਸ਼ੁਰੂ ਹੋਇਆ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼, ਬਹਿਬਲ ਕਲਾਂ ਤੇ ਬਰਗਾੜੀ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਇਨਸਾਫ਼ ਲਈ ਦੁਨੀਆ ਭਰ ਦੇ ਸਿੱਖਾਂ ਨੂੰ ਆਪਣਾ ਬਣਦਾ ਹਰ ਯੋਗਦਾਨ ਪਾਉਣ ਦੇ ਸੰਦੇਸ਼ ਨੂੰ ਮੁੱਖ ਰੱਖਦਿਆਂ ਇਹ ਮੁਜ਼ਾਹਰਾ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕੇ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼, ਬਹਿਬਲ ਕਲਾਂ ਤੇ ਬਰਗਾੜੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ ਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਦੁਨੀਆ ਭਰ ਵਿੱਚ ਹੋਰ ਵੀ ਤੇਜ਼ ਹੋਵੇਗੀ। ਅੱਜ ਦੇ ਇਸ ਮੁਜ਼ਾਹਰੇ ਵਿੱਚ ਹੋਰ ਸਿੱਖ ਸੰਗਤਾਂ ਤੋਂ ਇਲਾਵਾ ਭਾਈ ਹਿੰਮਤ ਸਿੰਘ, ਗੁਰਨਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਚੱਠਾ, ਨਰਿੰਦਰ ਸਿੰਘ, ਹਰਮਿੰਦਰ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ ਚੱਠਾ, ਊਧਮ ਸਿੰਘ ਆਦਿ ਹਾਜ਼ਰ ਸਨ।
ਜਾਰੀ ਕਰਤਾ: ਮਨਪ੍ਰੀਤ ਸਿੰਘ, ਜਨਰਲ ਸੈਕਟਰੀ, ਵਰਲਡ ਸਿੱਖ ਪਾਰਲੀਮੈਂਟ