ਨਰਿੰਦਰ ਮੋਦੀ ਨੇ 15ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ

s2014052653989ਨਵੀਂ ਦਿੱਲੀ – ਰਾਸ਼ਟਰਪਤੀ ਭਵਨ ਦੇ ਵਿਹੜੇ ‘ਚ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 26 ਮਈ ਦਿਨ ਸੋਮਵਾਰ ਨੂੰ ਦੇਸ਼ ਦੇ ੧੫ਵੇਂ ਪ੍ਰਧਾਨ ਮੰਤਰੀ ਵਜੋਂ 63 ਸਾਲਾਂ ਦੇ ਸ੍ਰੀ ਨਰਿੰਦਰ ਮੋਦੀ ਨੂੰ ਸਹੁੰ ਚੁਕਾਈ। ਭਾਜਪਾ ਨੂੰ ਲੋਕ ਸਭਾ ਚੋਣਾਂ ‘ਚ ਆਪਣੇ ਦਮ ‘ਤੇ ਬਹੁਮਤ ਦਿਵਾਉਣ ਵਾਲੇ ਸ੍ਰੀ ਮੋਦੀ ਨੇ ਸੰਵਿਧਾਨ ਦੇ ਪਾਬੰਦ ਰਹਿਣ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਹਿੰਦੀ ਵਿੱਚ ਚੁੱਕੀ।ਸ੍ਰੀ ਮੋਦੀ ਨਾਲ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗੱਠਜੋੜ ਦੇ 45 ਹੋਰ ਮੈਂਬਰਾਂ ਜਿਨ੍ਹਾਂ ‘ਚ 23 ਨੂੰ ਕੈਬਨਿਟ, 12ਨੂੰ ਰਾਜ ਮੰਤਰੀ ਅਤੇ 10 ਨੂੰ ਰਾਜ ਮੰਤਰੀ (ਆਜ਼ਾਦ ਚਾਰਜ) ਨੇ ਵੀ ਹਲਫ਼ ਲਿਆ। ਗੌਰਤਲਬ ਹੈ ਕਿ ਭਾਜਪਾ ਦੀ ਅਗਵਾਈ ਵਿੱਚ ਤੀਜੀ ਵਾਰ ਬਣੀ ਸਰਕਾਰ ਵਿੱਚ ਪਹਿਲੀ ਪੀੜ੍ਹੀ ਦੇ ਆਗੂ ਗ਼ਾਇਬ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮਾਨ ਰਹੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਡਾ. ਮੁਰਲੀ ਮਨੋਹਰ ਜੋਸ਼ੀ ਇਸ ਸਰਕਾਰ ਵਿੱਚ ਨਹੀਂ ਹਨ। ਮੋਦੀ ਸਰਕਾਰ ਦੀ ਕਮਾਨ ਭਾਜਪਾ ਦੀ ਦੂਜੀ ਪੀੜ੍ਹੀ ਦੇ ਹੱਥ ‘ਚ ਹੈ। ਅਟਲ-ਅਡਵਾਨੀ ਦੀ ਜੋੜੀ ਦੀ ਤਰ੍ਹਾਂ ਪੂਰੇ ਚੋਣ ਪ੍ਰਚਾਰ ਵਿੱਚ ਉੱਭਰੀ ਮੋਦੀ-ਰਾਜਨਾਥ ਦੀ ਜੁਗਲਬੰਦੀ ਸਰਕਾਰ ਵਿੱਚ ਵੀ ਉੱਭਰੀ ਹੈ। ਮੋਦੀ ਸਰਕਾਰ ਵਿੱਚ ਨੰਬਰ-ਦੋ ਦੀ ਹੈਸੀਅਤ ਵਿੱਚ ਭਾਜਪਾ ਪ੍ਰਧਾਨ ਰਾਜਨਾਥ ਸਿੰਘ….. ਹੋਣਗੇ ਅਤੇ ਦੇਸ਼ ਦੇ ਗ੍ਰਹ ਮੰਤਰੀ  ਵੀ। ਦੂਜੀ ਪੀੜ੍ਹੀ ਦੇ ਹੋਰ ਪ੍ਰਮੁੱਖ ਆਗੂਆਂ ਵਿੱਚ ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਦੇ ਇਲਾਵਾ ਵੈਂਕਈਆ ਨਾਇਡੂ ਅਤੇ ਨਿਤਿਨ ਗਡਕਰੀ ਮੋਦੀ ਦੀ ਕੈਬਿਨਟ ਦੇ ਪ੍ਰਮੁੱਖ ਚਿਹਰੇ ਹਨ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਤਾਜਪੋਸ਼ੀ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸਮੇਤ ਸਾਰਕ ਮੁਲਕਾਂ ਦੇ ਆਗੂ ਦੇ ਨਾਲ ਸਿਆਸਤ, ਸਨਅਤ, ਸਿਨੇਮਾ ਅਤੇ ਧਾਰਮਿਕ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਭਰੀ।
ਸ੍ਰੀ ਮੋਦੀ ਵੱਲੋਂ ਸਹੁੰ ਚੁੱਕੇ ਜਾਣ ਤੋਂ ਬਾਅਦ ਕੈਬਨਿਟ ਮੰਤਰੀਆਂ ਵਜੋਂ ਜਿਨ੍ਹਾਂ ਵਿੱਚ ਭਾਜਪਾ ਦੇ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਤਲੀ, ਐਮ. ਵੈਂਕਈਆ ਨਾਇਡੂ, ਨਿਤਿਨ ਗਡਕਰੀ, ਉਮਾ ਭਾਰਤੀ, ਮੇਨਕਾ ਗਾਂਧੀ, ਅਨੰਤ ਕੁਮਾਰ, ਰਵੀ ਸ਼ੰਕਰ ਪ੍ਰਸਾਦ, ਸਮ੍ਰਿਤੀ ਇਰਾਨੀ, ਹਰਸ਼ਵਰਧਨ ਗੋਪੀਨਾਥ ਮੁੰਡੇ, ਸਦਾਨੰਦ ਗੌੜਾ, ਕਲਰਾਜ ਮਿਸ਼ਰਾ, ਨਰਿੰਦਰ ਸਿੰਘ ਤੋਮਰ, ਜੁਆਲ ਓਰਮ, ਰਾਧਾ ਮੋਹਨ ਸਿੰਘ ਅਤੇ ਥਾਵਰ ਚੰਦ ਗਹਿਲੋਤ ਅਤੇ ਇਕੋ ਇਕ ਮੁਸਲਿਮ ਚਿਹਰਾ ਨਜ਼ਮਾ ਹੈਪਤੁੱਲਾ ਸ਼ਾਮਲ ਹਨ, ਇਨ੍ਹਾਂ ਤੋਂ ਇਲਾਵਾ ਐਨਡੀਏ ਦੇ ਭਾਈਵਾਲਾਂ ‘ਚੋਂ ਰਾਮ ਵਿਲਾਸ ਪਾਸਵਾਨ (ਲੋਕ ਜਨ ਸ਼ਕਤੀ ਪਾਰਟੀ), ਹਰਸਿਮਰਤ ਕੌਰ ਬਾਦਲ (ਅਕਾਲੀ ਦਲ), ਅਨੰਤ ਗੀਤੇ (ਸ਼ਿਵ ਸੈਨਾ) ਅਤੇ ਅਸ਼ੋਕ ਰਾਜਪਤੀ ਰਾਜੂ (ਤੇਲਗੂ ਦੇਸਮ ਪਾਰਟੀ) ਨੇ ਹਲਫ਼ ਲਿਆ।
ਕੇਂਦਰੀ ਮੰਤਰੀ ਮੰਡਲ ‘ਚ ਰਾਜ ਮੰਤਰੀ (ਆਜ਼ਾਦ ਚਾਰਜ) ਵਜੋਂ ਪ੍ਰਕਾਸ਼ ਜਾਵੜੇਕਰ, ਧਰਮਿੰਦਰ ਪ੍ਰਧਾਨ, ਰਾਓ ਇੰਦਰਜੀਤ ਸਿੰਘ, ਸੰਤੋਸ਼ ਕੁਮਾਰ ਗੰਗਵਾਰ, ਸ਼੍ਰੀਪਦ ਨਾਇਕ, ਸਾਬਕਾ ਫ਼ੌਜ ਮੁਖੀ ਜਨਰਲ ਵੀ. ਕੇ. ਸਿੰਘ, ਸਰਬਨੰਦਾ ਸੋਨੋਵਾਲ, ਪਿਯੂਸ਼ ਗੋਇਲ, ਜਿਤੇਂਦਰ ਸਿੰਘ ਅਤੇ ਨਿਰਮਲਾ ਸੀਤਾਰਮਨ ਨੇ ਹਲਫ਼ ਲਿਆ।
ਰਾਜ ਮੰਤਰੀ ਵਜੋਂ ਜੀ. ਐਮ. ਸਿੱਧੇਸ਼ਵਰਾ, ਮਨੋਜ ਸਿਨਹਾ, ਨਿਹਾਲ ਚੰਦ, ਉਪੇਂਦਰ ਕੁਸ਼ਵਾਹਾ, ਪੋਨ ਰਾਧਾਕ੍ਰਿਸ਼ਨਨ, ਕੀਰੇਨ ਰਿਜੀਜੂ, ਕ੍ਰਿਸ਼ਨ ਪਾਲ, ਸੰਜੀਵ ਕੁਮਾਰ ਬਲੀਆਂ, ਮਨਸੁਖਭਾਈ ਵਸਾਵਾ, ਰਾਓ ਸਾਹੇਬ ਦਾਨਵੇ, ਵਿਸ਼ਨੂੰਦੇਵ ਸਾਈ ਅਤੇ ਸੁਦਰਸ਼ਨ ਭਗਤ ਨੇ ਹਲਫ਼ ਲਿਆ। ਜ਼ਿਕਰਯੋਗ ਹੈ ਕਿ ਕੈਬਨਿਟ ਦੇ 36 ਮੈਂਬਰਾਂ ਨੇ ਹਿੰਦੀ ‘ਚ ਹਲਫ਼ ਲਿਆ ਜਦੋਂ ਕਿ ਹਰਸਿਮਰਤ ਕੌਰ ਬਾਦਲ ਸਮੇਤ 10 ਮੈਂਬਰਾਂ ਨੇ ਅੰਗਰੇਜ਼ੀ ‘ਚ ਸਹੁੰ ਚੁੱਕੀ।
ਹਲਫ਼ਦਾਰੀ ਸਮਾਗਮ ਦੌਰਾਨ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪੀ. ਚਿਦੰਬਰਮ, ਸ਼ਰਦ ਪਵਾਰ, ਪ੍ਰਫੁੱਲ ਪਟੇਲ, ਪੱਲਮ ਰਾਜੂ, ਸਾਬਕਾ ਸਪੀਕਰ ਮੀਰਾ ਕੁਮਾਰ, ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਅਤੇ ਪ੍ਰਤਿਭਾ ਪਾਟਿਲ ਸਮੇਤ ਹੋਰ ਵੀ ਹਸਤੀਆਂ ਹਾਜ਼ਰ ਸਨ। ਸਾਰਕ ਮੁਲਕਾਂ ਦੇ ਮੁਖੀਆਂ ‘ਚੋਂ ਨਵਾਜ਼ ਸ਼ਰੀਫ਼ ਤੋਂ ਇਲਾਵਾ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸੇ, ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਾਈ ਅਤੇ ਮਾਰੀਸ਼ਸ਼ ਦੇ ਰਾਸ਼ਟਰਪਤੀ ਨਵੀਨ ਚੰਦਰ ਰਾਮਗੁਲਾਮ ਸਮੇਤ ਕਈ ਹੋਰ ਵਿਦੇਸ਼ੀ ਹਸਤੀਆਂ ਵੀ  ਹਾਜ਼ਰ ਸਨ
ਭਾਜਪਾ ਨੇ ਆਪਣੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਭਾਵੇਂ ਮੰਤਰੀ ਮੰਡਲ ‘ਚ ਕੋਈ ਥਾਂ ਨਹੀਂ ਦਿੱਤੀ ਹੈ ਪਰ ਸਮਾਗਮ ਦੌਰਾਨ ਦੋਵੇਂ ਆਗੂ ਵੀ ਮੌਜੂਦ ਸਨ।
ਇਨ੍ਹਾਂ ਤੋਂ ਇਲਾਵਾ ਮੁਲਾਇਮ ਸਿੰਘ ਯਾਦਵ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ, ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਬਿਹਾਰ ਦੇ ਮੁੱਖ ਮੰਤਰੀ ਜੀਤਨ ਰਾਮ ਮਾਂਝੀ, ਅਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਅਤੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਹਾਜ਼ਰੀ ਭਰੀ। ਸਹੁੰ ਚੁੱਕ ਸਮਾਗਮ ‘ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਕੁਝ ਹੋਰ ਆਗੂ ਵੀ ਪਹੁੰਚੇ ਹੋਏ ਸਨ। ਦੇਸ਼ ਦੇ ਸਨਅਤੀ ਘਰਾਣਿਆਂ ‘ਚੋਂ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦਾ ਪਰਿਵਾਰ, ਅਨਿਲ ਅੰਬਾਨੀ, ਕੁਮਾਰ ਮੰਗਲਮ ਬਿਡਲਾ, ਸ਼ਸ਼ੀ ਰੂਈਆ, ਗੌਤਮ ਅਡਾਨੀ ਅਤੇ ਵੀ ਐਨ ਧੂਤ ਵੀ ਸ੍ਰੀ ਮੋਦੀ ਨੂੰ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣ ਦੇ ਗਵਾਹ ਬਣੇ।
ਬਾਲੀਵੁੱਡ ‘ਚੋਂ ਸਲਮਾਨ ਖਾਨ, ਉਨ੍ਹਾਂ ਦੇ ਪਿਤਾ ਸਲੀਮ ਖਾਨ, ਵਿਵੇਕ ਓਬਰਾਏ, ਧਰਮਿੰਦਰ, ਅਨੂਪਮ ਖੇਰ ਅਤੇ ਗੀਤਕਾਰ ਜਾਵੇਦ ਅਖ਼ਤਰ ਵੀ ਹਾਜ਼ਰ ਰਹੇ। ਉੱਘੇ ਕ੍ਰਿਕਟਰ ਸੁਨੀਲ ਗਾਵਸਕਰ ਵੀ ਸਮਾਗਮ ‘ਚ ਪਹੁੰਚੇ ਹੋਏ ਸਨ। ਕਰੀਬ ਡੇਢ ਘੰਟਾ ਦੇ ਸਹੁੰ ਚੁੱਕ ਸਮਾਗਮ ਦੇ ਅਖੀਰ ‘ਚ ਸ੍ਰੀ ਮੋਦੀ ਨੇ ਵਿਦੇਸ਼ੀ ਮਹਿਮਾਨਾਂ ਨਾਲ ਹੱਥ ਵੀ ਮਿਲਾਇਆ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਵਧਾਈ ਨੂੰ ਕਬੂਲ ਕੀਤਾ। ਨਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਵੀ ਹੱਥ ਮਿਲਾਇਆ।