ਨਵੇਂ ਸਾਲ ਵਿੱਚ ਸਿਰਫ ਕੈਲੰਡਰ ਬਦਲੇ ਲੋਕਾਂ ਨੇ….

ਉਡੀਕ! ਜੋ ਕਏ ਮਰਦੀ ਨਹੀਂ,
ਉਡੀਕ ਜੋ ਮਿੱਠੀ ਮਸਤੀ ਵਰਗੀ,
ਉਡੀਕ! ਜੋ ਸੱਜਰੀ ਸਵੇਰ ਵਰਗੀ,
ਉਡੀਕ! ਜੋ ਠੰਡ ਵਿੱਚ ਨਿੱਘ ਦੇਣ ਵਰਗੀ।
ਉਡੀਕ! ਚਿਰਾਂ ਬਾਅਦ ਮਿਲੇ ਖ਼ਤ ਵਰਗੀ
ਉਡੀਕ! ਮਹਿਬੂਬ ਦੇ ਦੀਦਾਰ ਵਰਗੀ…
ਹੈ ਉਡੀਕ ਇਕ ਉਸ ਦਿਨ ਦੀ,
ਜਦ ਸਰਾਪੀ ਹੋਈ ਮਨੁੱਖਤਾਂ ਦੀਆਂ,
ਕਦਰਾਂ ਕੀਮਤਾਂ ਦੀ ਹੋਵੇਗੀ ਬਹਾਲੀ….
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕ ਨਵੀਂ ਉਮੀਦ
ਖੁਸ਼ ਆਮਦੀਦ, ਖੁਸ਼ ਆਮਦੀਦ, ਖੁਸ਼ ਆਮਦੀਦ…..
ਦਿਨ, ਮਹੀਨੇ, ਸਾਲ ਬੀਤਦੇ ਜਾਂਦੇ ਨੇ। ਸਾਲ 2011 ਅਲਵਿਦਾ ਆਖ ਗਿਐ ਅਤੇ 2012 ਆਰੰਭ ਹੋ ਗਿਐ। ਸਮੇਂ ਦੇ ਰਾਹ ਵਿੱਚ ਕੌਣ ਰੋਕ ਪਾ ਸਕਦੈ ਅਤੇ ਅਸੀਂ ਬੀਤ ਗਏ ਵਰ੍ਹੇ ਦੇ ਮੰਦੇ-ਚੰਗੇ ਘਟਨਾ ਚੱਕਰ ਨੂੰ ਮੂਕ ਦਰਸ਼ਕ ਵਾਂਗ ਵੇਖਦੇ ਰਹਿੰਦੇ ਹਾਂ। ਸਿਆਣੇ ਬੰਦੇ ਬੀਤੇ ਦੌਰਾਨ ਆਪਣੀਆਂ ਪ੍ਰਾਪਤੀਆਂ ਉੱਤੇ ਤਸੱਲੀ ਪ੍ਰਗਟਾਉਂਦੇ ਹਨ ਅਤੇ ਅਸਫਲਤਾਵਾਂ ਨੂੰ ਘੋਖਦੇ ਹਨ। ਇਹ ਪੜਚੋਲ ਹਰ ਦੇਸ਼ ਅਤੇ ਕੌਮ ਲਈ ਜ਼ਰੂਰੀ ਵੀ ਹੈ।
ਗੁਸਤਾਖੀ ਮੁਆਫ! ਸਾਡੇ ਵਿਚੋਂ ਕਿੰਨਿਆਂ ਕੁ ਨੇ 31 ਦਸੰਬਰ ਦੀ ਰਾਤ ਪੌਣੇ ਕੁ ਬਾਰਾਂ ਵਜੇ ਆਪਣੇ ਆਪ ਨਾਲ ਬਹਿ ਕੇ ਚਾਰ ਗੱਲਾਂ ਕੀਤੀਆਂ ਹੋਣਗੀਆਂ? ਸਿਆਸਤਦਾਨਾਂ ਨੇ ਗੰਦੀ ਰਾਜਨੀਤੀ ਤੋਂ ਤੌਬਾ ਕੀਤੀ ਹੋਵੇਗੀ? ਧਾਰਮਿਕ ਪ੍ਰਭਾਵ ਵਾਲੇ ਮੋਹਰੀ ਬੰਦਿਆਂ ਨੇ ਆਵਦੀ ਹਾਉਮੈ ਨੂੰ ਪੱਠੇ ਪਾਉਣ ਦੀ ਬਜਾਏ, ਕੌਮ ਨੇ ਇਤਫਾਕ ਲਈ ਕੁਰਬਾਨੀ ਦੇਣ ਦਾ ਅਹਿਦ ਕੀਤਾ ਹੋਏਗਾ? ਆਮ ਬੰਦੇ ਨੇ ਇਮੀਗ੍ਰੇਸ਼ਨ ਮਾਮਲਿਆਂ ਦੇ ਹੱਲ ਲਈ, ਇਮਾਨਦਾਰ ਉੱਦਮ ਕੀਤੇ ਹੋਣਗੇ (ਨਕਲੀ ਵਿਆਹਾਂ ਦੇ ਜ਼ਰੀਏ ਪਰਦੇਸੀ ਹੋਣ ਨਾਲੋਂ)? ਕਿੰਨਿਆਂ ਕੁ ਮਿੱਤਰਾਂ ਨੇ, ਗਲਤਫਹਿਮੀ ਕਾਰਨ ਰੁੱਸੇ ਹੋਏ ਮਿੱਤਰਾਂ ਨੂੰ, ਮਨਾਉਣ ਦੀ ਸੋਚ ਰੱਖੀ ਹੋਏਗੀ?
ਰੋਟੀ ਖਾਤਿਰ ਜਿਸਮ ਦੀ ਸੁੱਚਮ ਜੂਠੀ ਹੋ ਜਾਂਦੀ
ਕੌੜੇ ਸੱਚ ਦੇ ਸਾਂਹਵੇ ਅੱਖ ਵੀ ਝੂਠੀ ਹੋ ਜਾਂਦੀ
ਕਰਦੀਆਂ ਰੂਹ ਨੂੰ ਜ਼ਖਮੀ ਐਸੀਆਂ ਸੱਚ ਦੀਆਂ ਨੋਕਾਂ ਨੇ
ਸਾਲ, ਮਹੀਨੇ, ਦਿਨ ਬਦਲੇ, ਨਾ ਬਦਲੀਆਂ ਸੋਚਾਂ ਨੇ
ਨਵੇਂ ਸਾਲ ਵਿੱਚ ਬੱਸ ਕੈਲੰਡਰ ਬਦਲੇ ਲੋਕਾਂ ਨੇ…
ਉੱਧਰ ਦੂਜੇ ਪਾਸੇ ਫੇਸਬੁੱਕੀਏ ਮਿੱਤਰਾਂ ਦੀਆਂ ਸ਼ੁੱਭਕਾਮਨਾਵਾਂ, ਮੋਬਾਈਲ ਫੋਨਾਂ ਉੱਤੇ ਮਿਲਦੇ ਭਾਈਚਾਰਕ ਸੁਨੇਹੇ, ਮੰਦਰਾਂ ਵਿੱਚ ਵੱਜਦੇ ਸੰਖ, ਗੁਰੂ ਘਰਾਂ ਵਿੱਚ ਗੁਰਬਾਣੀ, ਮਸਜਿਦਾਂ ਦੀ ਨਮਾਜ਼ ਅਤੇ ਗਿਰਜਾ ਘਰਾਂ ਦੀ ਦੀਪ-ਮਾਲਾ ਦੇ ਅੰਗ-ਸੰਗ ਵੀ ਨਵੇਂ ਵਰ੍ਹੇ ਦੀਆਂ ਸ਼ੁੱਭਕਾਮਨਾਵਾਂ ਸਾਂਝੀਆ ਕੀਤੀਆਂ ਗਈਆ।ਕੋਈ ਸ਼ੱਕ ਨਹੀਂ ਮਿੱਤਰੋ-ਨਵੇਂ ਸਾਲ ਉੱਤੇ ਨਵੇਂ ਸੰਕਲਪ ਕਰਨੇ ਚੰਗੀ ਗੱਲ ਹੋਵੇਗੀ। ਸਮੇਂ ਦੀ ਨਜ਼ਾਕਤ ਸਮਝਦਿਆਂ ਸਮੁੰਦਰੀ ਮਲਾਹਾਂ ਵਾਂਗਰਾਂ ਤਾਰਿਆਂ (ਮਹਾਨ ਮਨੁੱਖਾਂ) ਤੋਂ ਸੇਧ ਲੈਣ ਦੀ ਯੋਜਨਾ ਬਣਾਈਏ। … ਆਪਣੇ ਪੁਰਖਿਆਂ ਦੀ ਦਲੇਰੀ, ਭਾਈਚਾਰਕ ਸਾਂਝ, ਸਾਦਗੀ ਭਰੀ ਜੀਵਨ-ਸ਼ੈਲੀ ਅਤੇ ਸਰਬੱਤ ਦੇ ਭਲੇ ਵਾਲੀ ਸੋਚ, ਸਾਲ 2012 ਦੌਰਾਨ ਸਾਡੇ ਦਿਲਾਂ ਅੰਦਰ ਨਵੀਂ ਪ੍ਰੇਰਨਾ ਧੜਕਾ ਸਕਦੀ ਐ। ਤੁਹਾਡੀਆਂ ਪ੍ਰਾਪਤੀਆਂ ਨੂੰ ਸਲਾਮ ਕਹਿਣਾ ਅਤੇ ਨਵੇਂ ਵਰ੍ਹੇ ਦੌਰਾਨ ਹੋਰ ਤਰੱਕੀ ਕਰਨ ਦੀਆਂ ਸ਼ੁੱਭਕਾਮਨਾਵਾਂ ਦੇਣੀਆਂ ਕਿਵੇਂ ਭੁੱਲ ਸਕਦਾ ਹਾਂ?
ਨਵੇਂ ਸਾਲ ਦੇ ਆਉਣ ਤੇ ਯਾਰ ਮੇਰੇ
ਤੇਰੇ ਰਾਹਾਂ ‘ਚ ਨਵੀਂ ਬਹਾਰ ਆਵੇ
ਤੇਰੀ ਚੁੱਪ ਦਾ ਜਿੰਦਰਾ ਟੁੱਟ ਜਾਵੇ
ਤੇਰੇ ਸੱਚ ਦੇ ਹੱਥ ਕਟਾਰ ਆਵੇ
ਫੱਟੀ ਬੂਹੇ ਤੇ ਲੱਗੀ ਤੇਰੀ ਜ਼ਾਤ ਵਾਲੀ
ਕੋਈ ਸਾਂਝਾਂ ਦਾ ਹੱਥ ਉਤਾਰ ਜਾਵੇ
ਮੰਗੇਂ ਭੀਖ ਨਾ ਜਾ ਕੇ ਪੱਥਰਾਂ ਤੋਂ
ਤੇਰੀ ਸੂਝ ਹੀ ਤੈਨੂੰ ਪਾਰ ਲਾਵੇ…..
__________________________
ਲਿਖਦਿਆਂ-ਲਿਖਦਿਆਂ
– ਸਮੇਂ ਦੀਆਂ ਚੁਣੌਤੀਆਂ ਨਾਲ ਸਿੱਝਣ ਦੀ ਕਲਾ ਸਿਖਾਉਣ ਵਾਲੇ ਬਾਦਸ਼ਾਹ ਦਰਵੇਸ਼ ਸਾਹਿਬ ਗੋਬਿੰਦ ਸਿੰਘ ਜੀ ਦੀ ਜੀਵਨ-ਜਾਚ ਨੂੰ ਵੀ ਸਾਰੇ ਜਗਤ ਨੇ 5 ਜਨਵਰੀ ਵਾਲੇ ਦਿਹਾੜੇ ਫਖਰ ਨਾਲ ਯਾਦ ਕੀਤਾ ਹੈ। ਭਾਰਤ ਵਿੱਚ ੧੨ ਜਨਵਰੀ ਨੂੰ ਰਾਸ਼ਟਰੀ ਨੌਜਵਾਨਾਂ ਦਾ ਦਿਨ ਮਨਾਇਆ ਜਾਂਦੈ। ਸਵਾਮੀ ਵਿਵੇਕਾਨੰਦ ਦੀ ਵਿਵੇਕ ਬੁੱਧੀ ਨੂੰ ਸਮਰਪਿਤ। ਦੋਵੇਂ ਪ੍ਰੇਰਨਾ-ਸਰੋਤ ਦਿਨ, ਚੜ੍ਹਦੀਆਂ ਕਲਾਂ ਵਿੱਚ ਰਹਿਣ ਦੇ ਲਖਾਇਕ…..
– ਰਾਜ ਪਟੇਲ ਆਪਣੀ ਕਿਤਾਬ ‘ਸਟੱਫਡ ਐਂਡ ਸਟਾਰਵਡ (ਲੋੜੋਂ ਵੱਧ ਰੱਜੇ ਅਤੇ ਭੋਖੜੇ ਮਾਰੇ) ਵਿੱਚ ਲਿਖਦੇ ਨੇ ਕਿ ਇਕ ਪਾਸੇ ਦੁਨੀਆਂ ਭਰ ਵਿੱੱਚ 80 ਕਰੋੜ ਭੁੱਖ ਨਾਲ ਮਰ ਰਹੇ ਹਨ ਅਤੇ ਦੂਜੇ ਪਾਸੇ ਇਕ ਅਰਬ ਲੋਕ ਮੋਟਾਪੇ ਦਾ ਸ਼ਿਕਾਰ ਹਨ। ਨੀਲੀ ਛੱਤ ਵਾਲੇ ਦੀਆਂ ਬੇਪਰਵਾਹੀਆਂ ਆਖ ਕੇ ਗੱਲ ਖਤਮ ਕਰਾਂ ਤਾਂ ਬੇਇਨਸਾਫੀ ਹੋਵੇਗੀ। ਨਕੋਦਰ ਲਾਗਲੇ ਪਿੰਡ ਚਾਨੀਆਂ ਵਿੱਚ ਦਸਾਂ ਨਹੁੰਆਂ ਦੀ ਕਿਰਤ ਕਰਦੇ ਇਕ ਜੁੱਤੀਆਂ ਗੰਢਣ ਵਾਲੇ ਮਹਾਨ ਇਨਸਾਨ ਤੋਂ 1997 ਵਰ੍ਹੇ ਦੌਰਾਨ ਸੁਣੀਆਂ ਸਤਰਾਂ ਨਜ਼ਰ ਕਰਾਂ:
ਕਿਤੇ ਭੁੱਖੇ ਨਿਆਣੇ ਸੁੱਤੇ ਨੇ
ਕਿਤੇ ਦੁੱਧ ਪੀਣ ਨੂੰ ਕੁੱਤੇ ਨੇ
ਇਕ ਨੰਗਾ ਕੰਬੇ ਰਾਹਾਂ ਤੇ,
ਜਾਵੇ ਕੋਟ ਇਕ ਟੰਗੀ ਬਾਹਾਂ ਤੇ।
ਇਕ ਅਤਰ ਫਲੇਲਾਂ ਮਲਦੀ ਏ,
ਇਕ ਤੇਲ ਨੂੰ ਤਰਲੇ ਕਰਦੀ ਏ।
ਇਕ ਸਾਂਭੇ ਝੂਲਦੀ ਸਾੜੀ ਨੂੰ,
ਇਕ ਟਾਕੀਆਂ ਲਾ ਲਾ ਮਰਦੀ ਏ,
ਰੱਬਾ ਤੇਰੀ ਕਰਨੀ ਦਾ
ਮੈਂ ਸੰਖ ਵਜਾਉਣਾ ਚਾਹੁੰਦਾ ਹਾਂ।
ਇਕ ਵਾਰੀ ਤੇਰੀ ਦੁਨੀਆਂ ਦਾ
ਤੈਨੂੰ ਹਾਲ ਦਿਖਾਉਣਾ ਚਾਹੁੰਦਾ ਹਾਂ…
– ਨਵੇਂ ਵਰ੍ਹੇ ਦੌਰਾਨ ਸਮੇਂ ਨੇ ਇਜਾਜ਼ਤ ਦਿੱਤੀ ਤਾਂ ਹੋਰ ਸਾਹਿਤ ਪੜ੍ਹਾਂਗਾ, ਚੰਗਾ ਸੰਗੀਤ ਸੁਣਾਂਗਾ ਅਤੇ ਖਿੱਚ-ਧੂਹ ਕੇ ਚੰਗਾ ਲਿਖਣ ਦੀ ਕੋਸ਼ਿਸ਼ ਵੀ ਕਰਾਂਗਾ। ਬਹਿਰਹਾਲ ਦਿੱਲੀ ਵਾਲੇ ਦਿਲੀ ਦੋਸਤ ਸਰਦਾਰ ਹਰਪਾਲ ਸਿੰਘ ਹੋਰਾਂ ਤੋਂ ਮਾਨਤਾ ਪ੍ਰਾਪਤ ਗੀਤਾਂ ਵਿੱਚੋਂ ਇਰਸ਼ਾਦ ਕਾਮਲ ਦਾ ਲਿਖਿਆ ਗੀਤ ਸੁਣ ਰਿਹਾ ਹਾਂ। ਜ਼ਿਕਰਯੋਗ ਹੈ ਕਿ ਮਲੇਰਕੋਟਲਾ ਤੋਂ ਬਾਲੀਵੁੱਡ ਪਹੁੰਚੇ ਇਸ ਪੰਜਾਬੀ ਗੀਤਕਾਰ ਨੇ ‘ਰੌਕਸਟਾਰ’ ਫਿਲਮ ਦੇ ਗਾਣੇ ਲਿਖ ਕੇ ਧੁੰਮਾਂ ਪਾਈਆਂ ਹੋਈਆਂ ਨੇ, ਇਸ ਵਕਤ ਉਸਦੇ ਬੋਲ ਮੇਰੇ ਕੰਨਾਂ ਵਿੱਚ ਪੈ ਰਹੇ ਨੇ:
‘ਜੋ ਭੀ ਮੈਂ ਕਹਨਾ ਚਾਹੂੰ, ਬਰਬਾਦ ਕਰੇਂ ਅਲਫਾਜ਼ ਮੇਰੇ।
– ਬੀਤੇ ਦਿਨੀਂ ਮੈਂ ਤੇ ਨਿੱਕਾ ਵੀਰ ਨਵਤੇਜ ਰੰਧਾਵਾ, ਆਪਣੀ ਰਿਆਸਤ ਪੰਜਾਬੀਟੋਏਟੋਏ (ਪਾਪਾਟੋਏਟੋਏ) ਦੀਆਂ ਸੜਕਾਂ ਕੱਛ ਰਹੇ ਸਾਂ। ਛੁੱਟੀਆਂ ਦਾ ਮਾਹੌਲ, ਸੁਸਤ ਜਿਹਾ ਦਿਨ, ਬੱਸ ਅੱਡੇ ਉੱਤੇ ਬੱਸ ਦਾ ਇੰਤਜ਼ਾਰ ਕਰਦੇ ਬੱਧਨੀ (ਮੋਗਾ) ਵਾਲੇ ਬਜ਼ੁਰਗ ਨਾਲ ਦੁਆ-ਸਲਾਮ ਹੋਈ। ਅਸੀਂ ਉਨ੍ਹਾਂ ਨੂੰ ਘਰ ਤੱਕ ਛੱਡ ਆਉਣ ਦੀ ਪੇਸ਼ਕਸ਼ ਕੀਤੀ, ਖੂੰਡੀ ਖੜਕਾਉਂਦਿਆਂ ਏਸ ਦਿਲਦਾਰ ਬਜ਼ੁਰਗ ‘ਨੌਜਵਾਨ’ ਨੇ ਆਖਿਆ ਅਖੇ ਸਾਡੇ ਲਈ ਸਰਕਾਰ ਨੇ ਏਨੀਆਂ ਬੱਸਾਂ, ਏਨੇ ਡਰਾਇਵਰ ਆਹਰੇ ਲਾ ਰੱਖੇ ਨੇ ਤਾਂ ਫੇਰ ਥੋਨੂੰ ਪੁੱਤ ਐਂਵੇ ਤਕਲੀਫ ਕਾਹਤੋਂ ਦੇਈਏ? ਮੁਫਤ ਚਾਹ-ਕੌਫੀ ਅਤੇ ਹੋਰ ਬੜੀਆਂ ਸਹੂਲਤਾਂ ਨੇ ਪੁੱਤ ਏਸ ਸੁਪਰ ਗੋਲਡ ਕਾਰਡ ਦੇ ਸਬੱਬ ਨਾਲ। ਚੜਦੀ ਕਲਾ ਵਾਲੇ ਇਨ੍ਹਾਂ ਬਾਬਿਆਂ ਲਈ ਭਾਂਵੇਂ ਪਿੰਡ ਦੀ ਸੱਥ ਭੁਲਾਉਣੀ ਸੌਖੀ ਨਹੀਂ ਪਰ ਰਾਜਨੀਤੀਵਾਨ ਵਿਨਸਟਨ ਪੀਟਰ ਦੇ ਵਰਤਾਏ ਸੁਪਰ ਗੋਲਡ ਕਾਰਡ ਨੇ, ਏਸ ਮੁਲਕ ਵਿੱਚ ਵਿਚਰਦਿਆਂ ਸਾਡੇ ਬੇਬੇ-ਬਾਬਿਆਂ ਦੀ ਉਮਰਾਂ ਦੀ ਸ਼ਾਮ ਦਾ ਰੰਗ ਸੰਧੂਰੀ ਕਰ ਛੱਡਿਆ ਹੈ। ਜ਼ਿਕਰਯੋਗ ਹੈ ਕਿ ਇਹੀ ਵਿੰਨਸਟਨ ਪੀਟਰ ਕਥਿਤ ਤੌਰ ਤੇ ਨਸਲਵਾਦੀ ਮੰਨਿਆ ਜਾਂਦਾ ਸੀ ਅਤੇ ਪਾਰਲੀਮੈਂਟ ਵਿੱਚ ਉਸ ਦੀ ਧਮਾਕੇਦਾਰ ਵਾਪਸੀ ਹੋਈ ਹੈ।
–  ਉੱਧਰ ਸਭਿਆਚਾਰਕ ਸੱਥ ਵਿੱਚੋਂ ਮਸ਼ਹੂਰ ਅਦਾਕਾਰ ਵਿਵੇਕ ਸ਼ੌਕ, ਲੋਕ-ਗਾਥਾਵਾਂ ਦਾ ਗਮੰਤਰੀ ਕੁਲਦੀਪ ਮਾਣਕ, ਗੀਤਕਾਰ ਨੀਲੇ ਖਾਨ, ਗਾਇਕਾ ਪਰਮਿੰਦਰ ਸੰਧੂ, ਮਹਾਨ ਗਜ਼ਲ ਗਾਇਕ ਜਗਜੀਤ ਸਿੰਘ ਅਤੇ ਨੌਜਵਾਨ ਪੰਜਾਬੀ ਗਾਇਕ ਸੰਦੀਪ ਅਖਤਰ ਭਰੇ ਮੇਲੇ ਨੂੰ ਅਲਵਿਦਾ ਆਖ ਗਏ। ਏਧਰ ਸਾਲ 2011 ਦੌਰਾਨ ਨਿਊਜ਼ੀਲੈਂਡ ਵਿੱਚ ਪੰਜਾਬੀ ਗਾਇਕ-ਗਾਇਕਾਵਾਂ ਨੇ ਰੌਣਕਾਂ ਲਾਈ ਰੱਖੀਆਂ।ਹੁਣ 2012 ਵਿੱਚ ਸੁਚੱਜੀਆਂ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹੋਏ, ਸਾਡੇ ਮੁਲਕ ਵਿੱਚ ਇਸ ਵਰ੍ਹੇ ਦੇ ਮੇਲਿਆਂ ਵਿੱਚੋਂ ਮਾਲਵਾ ਕਲੱਬ ਵਾਲੇ ਬਾਈ, ਮਾਘੀ ਮੇਲਾ ਲੈ ਕੇ ਹਾਜ਼ਰ ਹੋ ਰਹੇ ਨੇ। ਸ਼ਨੀਵਾਰ 14 ਜਨਵਰੀ ਵਾਲੇ ਦਿਨ ਮੈਨੂਕਾਊ ਵਿੱੱਚ ਢੋਲੇ ਦੀਆਂ ਲਾਵਾਂਗੇ। ਸਿਆਣੇ ਕਹਿੰਦੇ ਨੇ ਜੀਹਦੀ ਜ਼ੁਬਾਨ ਚਲਦੀ ਹੈ ਸਮਝ ਲਓ ਉਹਦੇ ਸੱਤ ਹਲ ਚਲਦੇ ਨੇ। ਸੋ ਪੰਜਾਬ ਦੀ ਧੀ ਬੀਬਾ ਆਸ਼ਾ ਸ਼ਰਮਾ ਪਰਦੇਸਣ ਹੋ ਕੇ ਪੰਜਾਬ ਦੇ ਮੇਲਿਆ-ਅਖਾੜਿਆਂ ਵਿੱਚ ਸੁੰਨ ਵਰਤਾ ਗਈ ਪਰ ਪਰਦੇਸੀ ਪੰਜਾਬ ਦੇ ਮੁਹਾਂਦਰੇ ਨੂੰ ਆਪਣੇ ਬੋਲਾਂ ਰਾਹੀਂ ਹੋਰ ਸਨੁੱਖਾ ਬਣਾ ਰਹੀ ਹੈ। ਏਸ ਚੌਥੇ ਮਾਘੀ ਮੇਲੇ ਵਿੱਚ ਉਸਦੀ ਮਾਣਮੱਤੀ ਹਾਜ਼ਰੀ ਸਮੇਂ, ਤੁਹਾਡਾ ਉੱਥੇ ਹੋਣਾ ਤਾਂ ਜ਼ਰੂਰ ਬਣਦੈ।
– ਰੇਡੀਓ ਸਪਾਈਸ ਵੱਲੋਂ ਧੰਨਵਾਦ ਸਮਾਗਮ ਕੀਤਾ ਗਿਆ, ਕਾਰੋਬਾਰੀ ਮਿੱਤਰ ਸ਼ਾਮਲ ਹੋਏ। ਮੇਰੀ ਸੱਜੀ ਕੁਰਸੀ ਉੱਤੇ ਬਿਰਾਜਮਾਨ ਡਾ. ਕੁਲਦੀਪ ਸਿੰਘ ਹਮੇਸ਼ਾਂ ਦੀ ਤਰ੍ਹਾਂ ਖੁਸ਼ਰੰਗ ਸਨ। ਸ਼ਾਕਾਹਾਰੀ ਅਤੇ ਮਾਸਾਹਾਰੀ (ਅੰਗਰੇਜ਼ੀ ਵਿੱਚ ਵੈਜੀਟੇਰੀਅਨ ਅਤੇ ਨਾਨ-ਵੈਜੀਟੇਰੀਅਨ  ਆਖ ਲਈਏ) ਭੋਜਨ ਵਰਤਾਇਆ ਜਾਣ ਲੱਗਾ। ਮੈਂ ਰਸਮੀ ਤੌਰ ਤੇ ਪੁੱਛ ਬੈਠਾ, ‘ਡਾਕਟਰ ਸਾਹਿਬ, ਤੁਸੀਂ ਵੈਜੀਟੇਰੀਅਨ ਛਕੋਗੇ ਜਾਂ ਨਾਨ-ਵੈਜੀਟੇਰੀਅਨ ?’ ਮੁੱਛਾਂ ‘ਤੇ ਹੱਥ ਫੇਰਦੇ, ਮੁਸਕੁਰਾਉਂਦੇ ਹੋਏ ਲੁਧਿਆਣਵੀ ਸਰਦਾਰ ਦਾ ਜਵਾਬ ਸੀ, ‘ਆਪਾਂ ਤਾਂ ਮੌਕਾਟੇਰੀਅਨ ਆਂ ਬਾਈ।’ ਸੋ ਬੀਮਾਰੀ ਨੂੰ ਜੜ੍ਹੋਂ ਮੁਕਾਉਣ ਲਈ ਮਿੱਠੀਆਂ ਗੋਲੀਆਂ (ਹੋਮੀਓਪੈਥਿਕ ਦਵਾਈ) ਵਰਤਾਉਂਦੇ ਡਾਕਟਰ, ਮਿੱਠੀਆਂ ਗੱਲਾਂ ਵੀ ਵਰਤਾਉਂਦੇ ਰਹਿਣ। ਹੋਰ ਕੀ ਚਾਹੀਦਾ?
ਹਰ ਲਕੀਰ ਤੋਂ ਅੱੱਗੇ ਲੰਘ ਜਾ, ਜੀਵਨ ਗੁਜ਼ਰੇ ਖੂਬ,
ਗਾਉਂਦਾ ਫਿਰੇ ਫਕੀਰ ਸਾਂਈ ਦਾ, ਹਰ ਖਿੜਕੀ ਮਹਿਬੂਬ,
ਜੱਗ ਨੂੰ ਉਸਦੀ ਗਲੀ ਬਣਾ ਲੈ, ਮੁੜ ਮੁੜ ਗੇੜਾ ਮਾਰ
ਹਰ ਗੇੜੇ ਇਕ ਝਲਕ ਬਥੇਰੀ, ਮਨ ਤੇ ਸਦਾ ਬਹਾਰ।
– ਨੀਲੀ ਵਾਲਿਆਂ ਨੇ ਪਰਿਵਾਰਵਾਦ ਪਾਲਣ ਦੇ ਤਾਅਨੇ ਤੋਂ ਡਰਦਿਆਂ, ਗਿੱਪੀ ਗਰੇਵਾਲ ਦਾ ਗੀਤ, ‘ਉਹ ਪਰਿਵਾਰ ਵਾਰ ਗਿਆ ਸੀ, ਇਹ ਪਰਿਵਾਰ ਪਾਲਦੇ ਨੇ। ਆਵਦੇ ਪੀਟੀਸੀ ਟੀ. ਵੀ. ਚੈਨਲ ਤੇ ਨਾ ਚੱਲਣ ਦਿੱਤਾ। ਉੱਧਰੋਂ ਚਿੱਟੀ (ਕਾਂਗਰਸ) ਵਾਲਿਆਂ ਨੇ ਚੋਣਾਂ ਤੋਂ ਪੱਚੀ ਦਿਨ ਪਹਿਲਾਂ ਪਰਿਵਾਰਵਾਦ ਦੀ ਪਾਲਣਾ ਕਰਦਿਆਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਐ। ਵੱਡੇ ਕੱਦ ਵਾਲੇ ਲੀਡਰਾਂ ਦੀਆਂ ਪਤਨੀਆਂ ਅਤੇ ਪੁੱਤਰ ਬਾਗੋ-ਬਾਗ ਨੇ। ਭਰਾ ਰੁੱਸ ਗਏ ਤਾਂ ਕੀ ਹੋਇਆ? ਹੁਣ ਵੇਖਣਾ ਇਹ ਵੀ ਐ ਕਿ ਕਬੱਡੀ ਕੱਪ ਵਾਲੀ ਕੈਂਚੀ ਕੀਹਦੇ ਲੱਗੂ? ਉੱਧਰ ਤਾਏ ਤੋਂ ਰੁਸਿਆ ਬਸੰਤੀ ਪੱਗ ਵਾਲਾ ਭਤੀਜਾ ਵੇਖਦੇ ਆਂ ਕਿੱਥੇ ਤੱਕ ਮਾਰ ਕਰਦਾ ਹੈ? ੩੦ ਜਨਵਰੀ ਵਾਲੇ ਦਿਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਵੇਦਨਸ਼ੀਲ ਮੁੱਦੇ ਬਾਰੇ ਤਾਂ ਕੀ ਕਹਿਣਾ, ਪਰ ਜਾਂਦੇ-ਜਾਂਦੇ (ਮੁਕਤਸਰ ਦੇ ਘਟਨਾ-ਚੱਕਰ ਨੂੰ ਯਾਦ ਕਰਦਿਆਂ) ਉਸਤਾਦ ਜਤਿੰਦਰ ਪੰਨੂੰ ਹੋਰਾਂ ਦੀਆਂ ਸਤਰਾਂ ਨਾਲ ਆਗਿਆ ਚਾਹਾਂਗਾ:-
ਓਧਰ ਬਾਦਲ ਦਾ ਭਾਸ਼ਣ ਸੀ ਹੋਈ ਜਾਂਦਾ
ਏਧਰ ਪੁਲਸ ਪਈ ਡਾਂਗ ਖੜਕਾਈ ਜਾਵੇ
‘ਨੰਨੀ ਛਾਂ’ ਤਾਂ ਸੇਵਾ ਦਾ ਦਾਅਵਾ ਕਰਦੀ,
ਪੁਲਸ ‘ਸੇਵਾ’ ਦੇ ਸੈਂਪਲ ਵਿਖਾਈ ਜਾਵੇ।
– ਇਸ ਮੁਲਕ ਵਿੱਚ ਬਹੁਤ ਸਾਰੇ ਅੰਤਰ ਰਾਸ਼ਟਰੀ ਵਿਦਿਆਰਥੀ ਆਪਣਾ ਭਵਿੱਖ ਬਣਾਉਣ ਲਈ ਪਹੁੰਚੇ ਹੋਏ ਹਨ। ਜਿਹੜੀ ਰੁੱਤੇ ਜਵਾਨ ਮੁੰਡੇ ਘਰਦਿਆਂ ਦੇ ਘੂਰ-ਘੱਪੇ ਤੋਂ ਕਿਤੇ ਦੂਰ ਮਹਿਬੂਬ ਕੁੜੀ ਨਾਲ ਬਾਗਾਂ ਦੇ ਫੁੱਲ ਗਿਣਦੇ ਨੇ ਜਾਂ ਫਿਰ ਰਾਤਾਂ ਦੇ ਤਾਰੇ। ਉਸ ਰੁੱਤੇ ਇਹ ਨੌਜਵਾਨ ਭਵਿੱਖ ਸੰਵਾਰਨ ਦੀ ਹੋੜ੍ਹ ਵਿੱਚ ਮਿਹਨਤਾਂ ਕਰ ਰਹੇ ਹਨ। ਇਨ੍ਹਾਂ ਵਿਚੋਂ ਇਕ ਮੋਗੇ ਵਾਲਾ ਨਵਦੀਪ ਸਿੰਘ ਹੈ। ਬਾਪੂ ਨਾਲ ਕਰਿਆਨੇ ਦੀ ਦੁਕਾਨ ਉੱਪਰ ਸੌਦਾ ਤੋਲਣ ਦੀ ਬਜਾਏ, ਇਥੇ ਕੰਪਿਊਟਰ ਅੱਗੇ ਨਜ਼ਰ ਗੱਡੀ ਆਪਣਾ ਫਰਜ਼ ਨਿਭਾਉਂਦਾ ਹੈ। ਆਪਣੇ ਸ਼ੌਂਕ ਜਾਂ ਮਜ਼ਬੂਰੀ ਹਿੱਤ ਸਮੇਂ ਦੇ ਹਾਣੀ ਬਣਨ ਦੀ ਕੋਸ਼ਿਸ਼ ਕਰ ਰਹੇ ਨਵਦੀਪ ਵਰਗੇ ਸੈਂਕੜੇ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ-ਵਿਦਿਆਰਥਣਾਂ ਦੇ ਭਵਿੱਖ ਪ੍ਰਤੀ ਸ਼ੁਭ-ਕਾਮਨਾਵਾਂ ਪੇਸ਼ ਕਰਦੇ ਹਾਂ।
– ਗੁਆਢੀ ਮੁਲਕ ਆਸਟਰੇਲੀਆ ਵਿੱਚ ਵਸੇ ਪੰਜਾਬੀ ਪਾਠਕਾਂ ਦਾ ਪਿਆਰ ਵੀ ਝੋਲੀ ਪੈ ਰਿਹਾ ਹੈ। ਮਨਜੀਤ ਬੋਪਾਰਾਏ ਦੇ ਬ੍ਰਿਸਬੇਨ ਤੋਂ ਨਿਕਲਦੇ ਅਖਬਾਰ “ਦੀ ਪੰਜਾਬ” ਅਤੇ ਸਿਡਨੀ ਤੋਂ ਸ. ਰਾਜਵੰਤ ਸਿੰਘ ਹੋਰਾਂ ਦੇ “ਪੰਜਾਬ ਐਕਸਪ੍ਰੈਸ” ਵਿੱਚ ਲਗਾਤਾਰ ਛੱਪਦੇ ਕਾਲਮ ਇਸ ਦਾ ਸਬੱਬ ਬਣੇ ਹਨ। ਇਸ ਵਾਰ ਨਵੇਂ ਵਰ੍ਹੇ ਦੀ ਸ਼ੁਰੂਆਤ ਹਲਕਾ-ਫੁਲਕਾ ਲਿਖਦਿਆਂ ਕੀਤੀ ਹੈ, ਅਗਲੇ ਅੰਕ ਵਿੱਚ ਲਿਖਾਂਗਾ, ‘ਨਵੀਂ ਪੀੜੀ ਧਾਰਮਿਕ ਅਸਥਾਨਾਂ ਵਿੱਚ ਜਾਣੋਂ ਇਨਕਾਰੀ ਕਿਉਂ? ਬਹੁਤੇ ਜਾਣਕਾਰ ਮੇਰੀਆਂ ਲਿਖੀਆਂ ਸਿਆਸਤੀ ਟਿੱਪਣੀਆਂ ਵਿੱਚੋਂ ਨੀਲੇ-ਚਿੱਟੇ ਰੰਗਾਂ ਦਾ ਜ਼ਿਕਰ ਪੜ ਕੇ ਸ਼ਿਕਾਇਤਾਂ ਦਰਜ ਕਰਵਾਉਂਦੇ ਨੇ। ਕਈ ਹੌਂਸਲਾ ਵਧਾਉਂਦੇ ਨੇ ਅਤੇ ਕਈ ਏਦਾਂ ਦੇ ਪੰਗਿਆਂ ਵਿੱਚ ਨਾ ਪੈਣ ਦੀ ਮੁਫਤ ਸਲਾਹ ਵੀ ਦੇ ਜਾਂਦੇ ਨੇ। ਕੁੱਝ ਮਿੱਤਰ ਚਟਖਾਰੇ ਲੈ ਕੇ ਪੜਦੇ ਨੇ, ਆਪਣੀ ਰਾਏ ਰਾਖਵੀਂ ਰੱਖ ਲੈਂਦੇ ਨੇ। ਮੁਕਦੀ ਗੱਲ, ਨਿੱਜੀ ਤੌਰ ਤੇ ਬੜੇ ਕੁੱਝ ਸਿੱਖਿਆ ਹੈ ਆਪਣੇ ਪਾਠਕਾਂ ਤੋਂ…. ਕਵਿਤਰੀ ਅਮਰਜੀਤ ਨਾਜ਼ ਦਾ ਸ਼ੇਅਰ ਯਾਦ ਆ ਗਿਆ:-
ਸਿਰ ਕਰਜ਼ਾ ਲੈ ਕੇ ਮਰਨਾ, ਹੁੰਦਾ ਨਹੀਂ ਹੈ ਚੰਗਾ
ਲਫਜ਼ਾਂ ‘ਚ ਮੋੜ ਦੇਵੀਂ, ਇਸ ਜੱਗ ਤੋਂ ਜੋ ਲਵੇਂਗਾ…

-ਪਰਮਿੰਦਰ ਸਿੰਘ ਪਾਪਾਟੋਏਟੋਏ