ਨਿਊਜ਼ੀਲੈਂਡ ‘ਚ ਕੋਰੋਨਾਵਾਇਰਸ ਦੇ 50 ਨਵੇਂ ਕੇਸ, ਕੁੱਲ ਗਿਣਤੀ 1210 ‘ਤੇ ਪੁੱਜੀ

2 ਹਫ਼ਤਿਆਂ ਦੇ ਰੋਜ਼ਾਨਾ ਰਿਪੋਰਟ ਦੇ ਸਭ ਤੋਂ ਹੇਠਲੇ ਪੱਧਰ ਦੇ ਮਾਮਲੇ
ਵੈਲਿੰਗਟਨ, 8 ਅਪ੍ਰੈਲ –  ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 50 ਨਵੇਂ ਹੋਰ ਮਾਮਲੇ ਸਾਹਮਣੇ ਆਏ ਹਨ, ਜੋ 2 ਹਫ਼ਤਿਆਂ ਵਿੱਚ ਰੋਜ਼ਾਨਾ ਰਿਪੋਰਟ ਦੇ ਸਭ ਤੋਂ ਘੱਟ ਮਾਮਲੇ ਹਨ।
ਇਨ੍ਹਾਂ 50 ਨਵੇਂ ਕੇਸਾਂ ਵਿਚੋਂ 26 ਪੁਸ਼ਟੀ ਕੀਤੇ ਅਤੇ 24 ਸੰਭਾਵਿਤ ਕੇਸ ਹਨ। ਜਿਸ ਨਾਲ ਨਿਊਜ਼ੀਲੈਂਡ ਵਿੱਚ ਕੁੱਲ ਗਿਣਤੀ ਹੁਣ 1210 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਡਾਇਰੈਕਟਰ ਜਨਰਲ ਬਲੂਮਫੀਲਡ ਨੇ ਕਿਹਾ ਕਿ 41 ਹੋਰ ਵਿਅਕਤੀ ਰਿਕਵਰ ਹੋਏ ਹਨ। ਜਿਸ ਨਾਲ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 282 ਹੋ ਗਈ ਹੈ। ਦੇਸ਼ ‘ਚ ਕੋਰੋਨਾਵਾਇਰਸ ਨਾਲ 1 ਦੀ ਹੀ ਮੌਤ ਹੋਈ ਹੈ। 12 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ‘ਚੋਂ 4 ਆਈਸੀਯੂ ਵਿੱਚ ਹਨ ਅਤੇ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। 1210 ਕੇਸਾਂ ਵਿੱਚੋਂ ਨਿਊਜ਼ੀਲੈਂਡ ‘ਚ 969 ਕੰਨਫ਼ਰਮ ਅਤੇ 241 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 928 ਐਕਟਿਵ ਅਤੇ 282 ਰਿਕਵਰ ਕੇਸ ਹਨ।
ਹੁਣ ਤੱਕ 46,875 ਟੈੱਸਟ ਕੀਤੇ ਜਾ ਚੁੱਕੇ ਹਨ, ਜਦੋਂ ਕਿ ਕੱਲ੍ਹ 4098 ਟੈੱਸਟ ਹੋਏ ਸੀ, ਜੋ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਉਨ੍ਹਾਂ ਨੇ ਕਿਹਾ ਟੈੱਸਟ ਲਈ ਸਟਾਕ ‘ਚ ਲਗਭਗ 50,000 ਸੀ। ਉਨ੍ਹਾਂ ਕਿਹਾ ਕਿ ਦੋਵੇਂ ਹਸਪਤਾਲਾਂ ਤੇ ਕਮਿਊਨਿਟੀ ਵਿੱਚ 20 ਸਹਾਇਤਾ ਅਤੇ ਦੇਖਭਾਲ ਕਰਨ ਵਾਲੇ ਕਰਮਚਾਰੀ ਕੰਮ ਕਰ ਰਹੇ ਹਨ। 17 ਨਰਸਾਂ, 7 ਪ੍ਰਸ਼ਾਸਕੀ ਸਟਾਫ਼, 7 ਡਾਕਟਰ ਅਤੇ 3 ਮੈਡੀਕਲ ਵਿਦਿਆਰਥੀ ਕੋਵਿਡ -19 ਦੇ ਮਰੀਜ਼ਾਂ ਦੇ ਨਾਲ ਹਨ।
ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੇ ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਵਿਦੇਸ਼ੀ ਯਾਤਰਾ ਨਾਲ ਸੰਬੰਧਿਤ 41%, ਸੰਪਰਕ ਤੇ ਜਾਣ-ਪਛਾਣ ਨਾਲ 43%, ਕਮਿਊਨਿਟੀ ਟਰਾਂਸਮਿਸ਼ਨ 2% ਤੇ ਤਫ਼ਤੀਸ਼ ਅਧੀਨ ਸਰੋਤ 14% ਹਨ। ਦੇਸ਼ ਵਿੱਚ ਕੋਰੋਨਾਵਾਇਰਸ ਦੇ ਘੇਰੇ ਵਿੱਚ ਪੁਰਸ਼ 555 ਅਤੇ ਮਹਿਲਾਵਾਂ 649 ਹਨ।    
ਗੌਰਤਲਬ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,427,744 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 82,006 ਅਤੇ ਰਿਕਵਰ ਹੋਏ 295,829 ਮਾਮਲੇ ਸਾਹਮਣੇ ਆਏ ਹਨ।