ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਟਾਕਾਨੀਨੀ ਨੂੰ ਕੋਵਿਡ -19 ਦੀ ‘ਇਸੈਨਸ਼ੀਅਲ ਸਰਵਿਸ’ ‘ਚ ਰੱਖਿਆ

ਆਕਲੈਂਡ, 8 ਅਪ੍ਰੈਲ – ਨਿਊਜ਼ੀਲੈਂਡ ਸਰਕਾਰ ਨੇ ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ ਟਾਕਾਨੀਨੀ ਨੂੰ ਲਾਕਡਾਊਨ ਦੇ ਚੱਲਦੇ ਕੋਵਿਡ -19 ਦੀ ‘ਇਸੈਨਸ਼ੀਅਲ ਸਰਵਿਸ’ ਵਿੱਚ ਸ਼ਾਮਿਲ ਕਰ ਲਿਆ ਹੈ। ਜਿਸ ਨਾਲ ਗੁਰਦੁਆਰਾ ਸਾਹਿਬ ਦੇ ਮਨੋਨੀਤ ਕੀਤੇ ਵਲੰਟੀਅਰ ਲੋੜਵੰਦਾਂ ਨੂੰ ਉਨ੍ਹਾਂ ਤੱਕ ਰਾਸ਼ਨ ਪਹੁੰਚਾਉਣਗੇ।
7 ਅਪ੍ਰੈਲ ਨੂੰ ਸੁਪਰੀਮ ਸਿੱਖ ਸੋਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਕੋਵਿਡ -19 ਦੀ ‘ਇਸੈਨਸ਼ੀਅਲ ਸਰਵਿਸ’ ਵਿੱਚ ਮਨੁੱਖੀ ਸੇਵਾਵਾਂ ਦੇਣ ਮਨਜ਼ੂਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗੇਟ ਆਮ ਸੰਗਤਾਂ ਲਈ ਪਹਿਲਾਂ ਵਾਂਗ ਹੀ ਬੰਦ ਰਹਿਣਗੇ, ਹਾਲੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਰੋਜ਼ਾਨਾ ਸੁੱਕਾ ਰਾਸ਼ਨ (ਦੁੱਧ, ਸਬਜ਼ੀਆਂ, ਫਲ ਅਤੇ ਬ੍ਰੈੱਡਾਂ ਆਦਿ) ਪਹੁੰਚਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ। ਜਿਨ੍ਹਾਂ ਵਲੰਟੀਅਰਜ਼ ਦੇ ਕੋਵਿਡ -19 ਦੀ ਸੇਵਾ ਲਈ ਕਾਰਡ ਬਣੇ ਹਨ, ਸਿਰਫ਼ ਉਹ ਹੀ ਆਈਡੀ ਵਾਲੇ ਵਲੰਟੀਅਰ ਤੇ ਮੈਂਬਰ ਗੁਰਦੁਆਰਾ ਸਾਹਿਬ ਆਲਾਊਡ ਹੋਣਗੇ ਤੇ ਉਹ ਹੀ ਮੈਂਬਰ ਲੋੜਵੰਦਾਂ ਲਈ ਫੂਡ ਜਾਂ ਹੋਰ ਸਮਗਰੀ ਉਨ੍ਹਾਂ ਦੇ ਘਰਾਂ ਵਿੱਚ ਪੁੱਜਦੀਆਂ ਕਰਨਗੇ। ਕੋਈ ਵੀ ਲੋੜਵੰਦ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰਕੇ ਮਦਦ ਲੈ ਸਕਦਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਵਿੱਚ ਰਹੋ ਅਤੇ ਕਿਸੇ ਤਰਾਂ ਦੀ ਲੋੜ ਪਵੇ ਤਾਂ ਟਾਕਾਨੀਨੀ ਗੁਰੂ ਘਰ ਨਾਲ ਸੰਪਰਕ ਕਰਕੇ ਸੇਵਾਦਾਰਾਂ ਤੋਂ ਸਮਗਰੀ ਮੰਗਵਾ ਸਕਦੇ ਹੋ।