ਪੰਜਾਬ ‘ਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 79 ਹੋਈ

ਚੰਡੀਗੜ੍ਹ, 7 ਅਪ੍ਰੈਲ – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ 6 ਅਪ੍ਰੈਲ ਨੂੰ ਜਾਰੀ ਸਿਹਤ ਖ਼ਬਰਾਂ ਅਨੁਸਾਰ ਹੁਣ ਤੱਕ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਹੁਣ ਤੱਕ 2384 ਨਮੂਨੇ ਲਏ ਗਏ ਹਨ, ਜਿਨ੍ਹਾਂ ‘ਚੋਂ 79 ਦੀ ਰਿਪੋਰਟ ਪਾਜ਼ੀਟਿਵ, 1994 ਦੀ ਨੈਗੇਟਿਵ ਅਤੇ 311 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਕੋਰੋਨਾ ਵਾਇਰਸ ਕਾਰਨ ਹੁਣ ਤੱਕ 7 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 4 ਮਰੀਜ਼ਾਂ ਨੂੰ ਵਾਇਰਸ ਤੋਂ ਰਾਹਤ ਮਿਲਣ ਕਾਰਨ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਜਾ ਚੁੱਕੀ ਹੈ। ਵਿਭਾਗ ਮੁਤਾਬਿਕ ਕੋਰੋਨਾ ਤੋਂ ਪੀੜਤ ੩ ਵਿਅਕਤੀਆਂ ਦੀ ਹਾਲਤ ਗੰਭੀਰ ਮੰਨੀ ਜਾ ਰਹੀ ਹੈ।
ਪੰਜਾਬ ‘ਚ ਕੋਰੋਨਾਵਾਇਰਸ 14 ਜ਼ਿਲ੍ਹਿਆਂ ‘ਚ ਦਾਖ਼ਲ ਹੋ ਚੁੱਕਾ ਹੈ ਤੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਕਪੂਰਥਲਾ ਤੇ ਫਤਿਹਗੜ੍ਹ ਸਾਹਿਬ ਤੋਂ ਵੀ 3 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਿਕ ਫਤਿਹਗੜ੍ਹ ਸਾਹਿਬ ਵਿੱਚ 2 ਅਤੇ ਕਪੂਰਥਲਾ ਵਿੱਚ 1 ਵਿਅਕਤੀ ਇਸ ਵਾਇਰਸ ਦੀ ਲਪੇਟ ਵਿੱਚ ਆਇਆ ਹੈ।ਤਾਜ਼ਾ ਮਾਮਲਿਆਂ ਵਿੱਚ ਫਤਿਹਗੜ੍ਹ ਸਾਹਿਬ ਅਤੇ ਕਪੂਰਥਲਾ ਦੇ ਮਾਮਲਿਆਂ ਸਮੇਤ ਲੁਧਿਆਣਾ ਵਿੱਚ 1, ਰੋਪੜ ਵਿੱਚ 2, ਮੁਹਾਲੀ ਵਿੱਚ 1 ਅਤੇ ਅੰਮ੍ਰਿਤਸਰ ਵਿੱਚ ਵੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ ਇਸ ਸਮੇਂ ਜ਼ਿਆਦਾਤਰ ਮਾਮਲੇ ਅਜਿਹੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਮਰੀਜ਼ਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗਣ ਦਾ ਕੋਈ ਸਰੋਤ ਸਾਹਮਣੇ ਨਹੀਂ ਆ ਰਿਹਾ।