ਨਿਊਜ਼ੀਲੈਂਡ ‘ਚ ਕੋਰੋਨਾ ਦੇ 9 ਨਵੇਂ ਕੇਸ, ਗਿਣਤੀ 1,440 ਹੋਈ

ਵੈਲਿੰਗਟਨ, 20 ਅਪ੍ਰੈਲ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ ਲਗਾਤਾਰ ਦੂਜੇ ਦਿਨ ਨਵੇਂ ਕੇਸ ਸਿੰਗਲ ਫਿਗਰ ‘ਚ ਰਹੇ ਹੈ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 9 ਨਵੇਂ ਹੋਰ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 7 ਪੁਸ਼ਟੀ ਕੀਤੇ ਅਤੇ 2 ਸੰਭਾਵਿਤ ਕੇਸ ਹਨ। ਉਸ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1,440 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 974 ਹੋ ਗਈ ਹੈ। ਹਸਪਤਾਲ ਵਿੱਚ 14 ਲੋਕ ਹਨ, 3 ਲੋਕ ਆਈ.ਸੀ.ਯੂ. ਵਿੱਚ ਹਨ ਜਿਨ੍ਹਾਂ ‘ਚੋਂ 1-1 ਮਰੀਜ਼ ਮਿਡਲਮੋਰ, ਡੂਨੀਡਨ ਤੇ ਨੌਰਥ ਸ਼ੋਰ ਵਿੱਚ ਹਨ ਅਤੇ ਡੂਨੀਡਨ ਤੇ ਨੌਰਥ ਸ਼ੋਰ ਵਿਚਲੇ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੇਸ਼ ਵਿੱਚ ਕੋਰੋਨਾ ਨਾਲ 12 ਮੌਤਾਂ ਹੋਈਆਂ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਉਸ ਦੀ ਕੈਬਨਿਟ ਵੱਲੋਂ ਇਹ ਫ਼ੈਸਲਾ ਲਿਆ ਜਾਣਾ ਹੈ ਕਿ ਕੀ ਨਿਊਜ਼ੀਲੈਂਡ ਨੂੰ ਅਲਰਟ ਲੈਵਲ 4 ਤੋਂ ਅਲਰਟ ਲੈਵਲ 3 ‘ਤੇ ਲਿਆਉਣਾ ਹੈ ਜਾਂ ਨਹੀਂ। ਇਸ ਬਾਰੇ ਕੈਬਨਟ ਦੀ ਮੀਟਿੰਗ ਚੱਲ ਰਹੀ ਹੈ ਤੇ ਸ਼ਾਮੀ 4.00 ਵਜੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਦੀ ਪ੍ਰੈੱਸ ਕਾਨਫ਼ਰੰਸ ਰਾਹੀ ਪ੍ਰਧਾਨ ਮੰਤਰੀ ਆਰਡਰਨ ਇਹ ਖੁਲਾਸਾ ਕਰਨਗੇ ਕਿ ਕਦੋਂ ਨਿਊਜ਼ੀਲੈਂਡ ਅਲਰਟ ਲੈਵਲ 4 ਤੋਂ ਹੇਠਾਂ ਅਲਰਟ ਲੈਵਲ 3 ਉੱਤੇ ਆ ਜਾਵੇਗਾ।
ਨਿਊਜ਼ੀਲੈਂਡ ਦੇ 1,440 ਕੇਸਾਂ ਵਿੱਚੋਂ 1,105 ਕੰਨਫ਼ਰਮ ਅਤੇ 335 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 454 ਐਕਟਿਵ ਅਤੇ 974 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ 12 ਮੌਤਾਂ ਹੋਈਆ ਹਨ।