ਪਾਪਾਟੋਏਟੋਏ ‘ਚ ਪੁਲਿਸ ਨੇ ਤੋੜ-ਭੰਨ ਕਰਨ ਵਾਲੇ ਵਿਅਕਤੀ ਨੂੰ ਗੋਲੀ ਨਾਲ ਮਾਰਿਆ

ਪਾਪਾਟੋਏਟੋਏ, 20 ਅਪ੍ਰੈਲ – ਦੱਖਣੀ ਆਕਲੈਂਡ ਦੇ ਪਾਪਾਟੋਏਟੋਏ ਵਿਖੇ ਤੜਕੇ ਸਵੇਰੇ ਪੁਲਿਸ ਦੁਆਰਾ ਇੱਕ ਤੋੜ-ਭੰਨ ਕਰਨ ਵਾਲੇ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਕਾਊਂਟੀ ਮੈਨੁਕਾਊ ਡਿਸਟ੍ਰਿਕਟ ਕਮਾਂਡਰ ਸੁਪਰੀਟੈਂਡੈਂਟ ਜਿਲ ਰੋਜ਼ਰਸ ਨੇ ਮੀਡੀਆ ਨੂੰ ਦੱਸਿਆ ਕਿ ਰਾਤ 1.00 ਵਜੇ ਤੋਂ ਬਾਅਦ ਸੈਂਟਰਲ ਐਵਿਨਿਊ ਉੱਤੇ ਇੱਕ ਸ਼ਖ਼ਸ ਦੇ ਬਾਰੇ ਵਿੱਚ ਪੁਲਿਸ ਨੂੰ ਕਈ ਫ਼ੋਨ ਕਾਲਾਂ ਆਈਆਂ ਕਿ ਇੱਕ ਵਿਅਕਤੀ ਖੜ੍ਹੇ ਵਾਹਾਂ ਨੂੰ ਨੁਕਸਾਨ ਪਹੁੰਚਾ ਰਿਹਾ ਸੀ, ਇੱਕ ਘਰ ਦੀਆਂ ਬਾਰੀਆਂ ਤੋੜ ਰਿਹਾ ਸੀ ਅਤੇ ਬਿਜਲੀ ਦੀ ਲਾਈਨਾਂ ਨੂੰ ਕੱਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਰੋਜ਼ਰਸ ਨੇ ਕਿਹਾ ਕਿ ਇੱਕ ਪੁਲਿਸ ਡਾਗ ਹੈਂਡਲਰ ਮੌਕੇ ਉੱਤੇ ਪਹੁੰਚੀ ਅਤੇ ਉਸ ਸ਼ਖ਼ਸ ਨੂੰ ਚੁਣੌਤੀ ਦਿੱਤੀ। ਉਸ ਨੂੰ ਕਈ ਵਾਰ ਚੁਣੌਤੀ ਦੇਣ ਉੱਤੇ ਜਦੋਂ ਉਹ ਨਹੀਂ ਮੰਨਿਆ ਤਾਂ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿੱਤੀ।