ਨਿਊਜ਼ੀਲੈਂਡ ‘ਚ ਕੋਰੋਨਾ ਨਾਲ 4 ਹੋਰ ਮੌਤਾਂ, ਗਿਣਤੀ ਵੱਧ ਕੇ 9 ‘ਤੇ ਪੁੱਜੀ, 17 ਨਵੇਂ ਕੇਸ ਸਾਹਮਣੇ ਆਏ

ਵੈਲਿੰਗਟਨ, 14 ਅਪ੍ਰੈਲ – ਇੱਥੇ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਾਲ 4 ਹੋਰ ਮੌਤਾਂ ਹੋਈਆਂ ਹਨ। ਇਨ੍ਹਾਂ ਚਾਰ ਮੌਤਾਂ ਵਿੱਚੋਂ ਵੈਲਿੰਗਟਨ ‘ਚ 1 ਵਿਅਕਤੀ ਦੀ ਮੌਤ ਅਤੇ ਕ੍ਰਾਈਸਟਚਰਚ ‘ਚ ਰੋਜ਼ਵੁੱਡ ਰੈਸਟ ਹੋਮ ਸਮੂਹ ਵਿਚੋਂ 3 ਦੀ ਮੌਤ ਹੋਈ ਹੈ। ਇਸ ਨਾਲ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ, ਜਿਨ੍ਹਾਂ ਵਿੱਚੋਂ ਇਕੱਲੇ ਕ੍ਰਾਈਸਟਚਰਚ ਵਿਚਲੇ ਰੋਜ਼ਵੁੱਡ ਰੈਸਟ ਹੋਮ ਸਮੂਹ ਵਿੱਚ 6 ਮੌਤਾਂ ਹੋਈਆਂ ਹਨ।
ਡਾਇਰੈਕਟਰ ਜਨਰਲ ਬਲੂਮਫੀਲਡ ਨੇ ਦੱਸਿਆ ਕਿ 17 ਨਵੇਂ ਹੋਰ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 8 ਪੁਸ਼ਟੀ ਕੀਤੇ ਅਤੇ 9 ਸੰਭਾਵਿਤ ਕੇਸ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1,366 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 628 ਹੋ ਗਈ ਹੈ। ਹਸਪਤਾਲ ਵਿੱਚ 15 ਲੋਕ ਹਨ, 4 ਲੋਕ ਆਈ.ਸੀ.ਯੂ. ਵਿੱਚ ਹਨ ਅਤੇ ਡੁਨੇਡਿਨ ਵਿੱਚ 1 ਮਰੀਜ਼ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਕੋਵਿਡ -19 ਨਾਲ ਦੇਸ਼ ਵਿੱਚ ਹੁਣ ਤੱਕ 5 ਮੌਤਾਂ। ਸੋਮਵਾਰ ਨੂੰ 1572 ਟੈੱਸਟ ਕੀਤੇ ਗਏ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਨਵੇਂ ਮਾਮਲਿਆਂ ਦੇ ਸਿਖਰ ਨੂੰ ਪਾਰ ਕਰ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,918,138 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 1,19,579 ਹੋਈ ਅਤੇ ਰਿਕਵਰ ਹੋਏ 4,40,703 ਮਾਮਲੇ ਸਾਹਮਣੇ ਆਏ ਹਨ।