ਨਿਊਜ਼ੀਲੈਂਡ ‘ਚ ਕੋਰੋਨਾ ਨਾਲ 5ਵੀਂ ਮੌਤ, 19 ਨਵੇਂ ਕੇਸ ਤੇ ਕੇਸਾਂ ਦੀ ਗਿਣਤੀ ਵੱਧ ਕੇ 1,349

ਵੈਲਿੰਗਟਨ, 13 ਅਪ੍ਰੈਲ – ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਅਤੇ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਨਾਲ 5ਵੀਂ ਮੌਤ ਹੋਈ ਹੈ ਅਤੇ 19 ਨਵੇਂ ਹੋਰ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 15 ਪੁਸ਼ਟੀ ਕੀਤੇ ਅਤੇ 4 ਸੰਭਾਵਿਤ ਕੇਸ ਹਨ। ਕੋਰੋਨਾਵਾਇਰਸ ਨਾਲ ਜਿਸ 80 ਸਾਲਾ ਪੁਰਸ਼ ਦੀ ਮੌਤ ਹੋਈ ਹੈ, ਉਸ ਦਾ ਸੰਬੰਧ ਕ੍ਰਾਈਸਟਚਰਚ ਦੇ ਰੋਜ਼ਵੁੱਡ ਰੈਸਟ ਹੋਮ ਨਾਲ ਹੈ ਤੇ ਉਸ ਨੂੰ ਬੁਰਵੁੱਡ ਹਸਪਤਾਲ ਵਿਖੇ ਮੂਵ ਕੀਤਾ ਸੀ।
ਡਾਇਰੈਕਟਰ ਜਨਰਲ ਬਲੂਮਫੀਲਡ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1,349 ਕੇਸ ਹੋ ਗਏ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 546 ਹੋ ਗਈ ਹੈ। ਹਸਪਤਾਲ ਵਿੱਚ 15 ਲੋਕ ਹਨ, 4 ਲੋਕ ਆਈ.ਸੀ.ਯੂ. ਵਿੱਚ ਹਨ ਅਤੇ ਡੁਨੇਡਿਨ ਵਿੱਚ 1 ਮਰੀਜ਼ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਕੋਵਿਡ -19 ਨਾਲ ਦੇਸ਼ ਵਿੱਚ ਹੁਣ ਤੱਕ 5 ਮੌਤਾਂ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਵੀ ਕੋਰੋਨਾਵਾਇਰਸ ਦੇ ਪ੍ਰਕੋਪ ਬਾਰੇ ਸਰਕਾਰ ਦੇ ਵਿਕਾਸਸ਼ੀਲ ਹੁੰਗਾਰੇ ਬਾਰੇ ਅੱਪਡੇਟ ਕੀਤਾ। ਉਨ੍ਹਾਂ ਨੇ ਕਿਹਾ ਹਾਲਾਂਕਿ ਨਿਊਜ਼ੀਲੈਂਡ ਵਿੱਚ ਮਾਮਲਿਆਂ ਦੀ ਗਿਣਤੀ ਘੱਟ ਹੋ ਸਕਦੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਸ ਨੂੰ ਖ਼ਤਮ ਕਰਨ ਵਿੱਚ ਸਫਲ ਹੋਏ ਹਾਂ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਦੇਸ਼ ਨਿਸ਼ਚਤ ਰੂਪ ਤੋਂ ਕੋਵਿਡ -19 ਦੇ ਅਲਰਟ ਲੈਵਲ 4 ਤੋਂ ਜਲਦੀ ਬਾਹਰ ਜਾਣ ਦੀ ਸਥਿਤੀ ਵਿੱਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਸ ਹਫ਼ਤੇ ਵੀਰਵਾਰ ਨੂੰ ਅਲਰਟ ਲੈਵਲ 3 ਦੇ ਪੱਧਰ ਬਾਰੇ ਵਧੇਰੇ ਜਾਣਕਾਰੀ ਦੇਣਗੇ ਅਤੇ ਦੱਸਣਗੇ ਕਿਹੋ ਜਿਹਾ ਦਿਖਾਈ ਦੇਵੇਗਾ। ਸਰਕਾਰ ਇਸ ਦੀ ਆਰਥਿਕ ਪ੍ਰਤੀਕ੍ਰਿਆ ਬਾਰੇ ਹਫ਼ਤੇ ਦੇ ਅੰਤ ਵਿੱਚ ਹੋਰ ਐਲਾਨ ਵੀ ਕਰੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਪਲਬਧ ‘ਸਮਾਰਟ ਸਾਇੰਸ’ ਦੀ ਵਰਤੋਂ ਕਰਨ ਦੇ ਬਾਰੇ ਵਿੱਚ ਸਮਾਰਟ ਸਰਹੱਦ ਲਿਆਇਆ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸੀਅਨ ਲੋਂਗ ਨਾਲ ਇਸ ਬਾਰੇ ਗੱਲ ਕੀਤੀ ਸੀ ਕਿ ਭਵਿੱਖ ਦੀਆਂ ਸਰਹੱਦਾਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ, ‘ਦੇਸ਼ ‘ਚ ਕੋਵਿਡ -19 ਲਿਆਉਣ ਵਾਲੇ ਕਿਸੇ ਵਿਅਕਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ’, ਜਦੋਂ ਕਿ ਨਿਊਜ਼ੀਲੈਂਡ ਦੀ ਸਰਹੱਦੀ ਪਾਬੰਦੀਆਂ ‘ਤੇ ਦਬਾਅ ਪਾਇਆ ਗਿਆ। ਉਨ੍ਹਾਂ ਦੱਸਿਆ ਕਿ 1,067 ਲੋਕ ਮੈਨੇਜਡ ਆਈਸੋਲੇਸ਼ਨ ਵਿੱਚ ਹਨ, ਜੋ ਲੌਕਡਾਊਨ ਤੋਂ ਬਾਅਦ ਨਿਊਜ਼ੀਲੈਂਡ ਆਏ ਹਨ।
ਨਿਊਜ਼ੀਲੈਂਡ ਦੇ 1,349 ਕੇਸਾਂ ਵਿੱਚੋਂ 1,064 ਕੰਨਫ਼ਰਮ ਅਤੇ 285 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 798 ਐਕਟਿਵ ਅਤੇ 546 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ ਹੁਣ ਤੱਕ ਮੌਤਾਂ ਦੀ ਕੁੱਲ ਗਿਣਤੀ 5 ਹੈ। ਕੋਰੋਨਾਵਾਇਰਸ ਦੇ ਕੇਸ ਓਰੀਜ਼ਨ ਨਿਊਜ਼ੀਲੈਂਡ ‘ਚ 645, ਓਵਰਸੀਜ਼ 531 ਅਤੇ ਅਨਨੌਨ 154 ਹਨ, ਜਦੋਂ ਕਿ ਸੋਰਸ ਆਫ਼ ਟਰਾਂਸਮਿਸ਼ਨ ਓਵਰਸੀਜ਼ ਟਰੈਵਲਰ 540, ਕਾਨਟੈਕਟ ਵਿੱਦ ਅਨਨੌਨ ਕੇਸ 634, ਅੰਡਰ ਇੰਵੈਸਟੀਗੇਸ਼ਨ 148 ਅਤੇ ਕਮਿਊਨਿਟੀ ਟਰਾਂਸਮਿਸ਼ਨ ਦੇ 27 ਕੇਸ ਹਨ।
ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਦੁਨੀਆ ਭਰ ਵਿੱਚ 1,846,248 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 114,089 ਹੋਈ ਅਤੇ ਰਿਕਵਰ ਹੋਏ 414,061 ਮਾਮਲੇ ਸਾਹਮਣੇ ਆਏ ਹਨ।