ਨਿਊਜ਼ੀਲੈਂਡ ‘ਚ ਕੋਰੋਨਾ ਨਾਲ 1 ਮੌਤ ਅਤੇ 5 ਹੋਰ ਨਵੇਂ ਮਾਮਲੇ, ਦੇਸ਼ ਰਾਤੀ 11.59 ਵਜੇ ਅਲਰਟ ਲੈਵਲ 3 ਉੱਤੇ ਜਾਏਗਾ

ਵੈਲਿੰਗਟਨ, 27 ਅਪ੍ਰੈਲ – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਨਾਲ 1 ਹੋਰ ਨਵੀਂ ਮੌਤ ਹੋਈ ਹੈ, ਜਿਸ ਨਾਲ ਦੇਸ਼ ‘ਚ ਮੌਤਾਂ ਦੀ ਗਿਣਤੀ 19 ਉੱਤੇ ਪੁੱਜ ਗਈ ਹੈ। ਇਹ ਖ਼ੁਲਾਸਾ ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕੀਤਾ। ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ ਸਿਰਫ਼ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਮਰਨ ਵਾਲੀ 90 ਸਾਲਾ ਮਹਿਲਾ ਸੈਂਟ ਮਾਰਗਰੇਟ ਹਸਪਤਾਲ ਦੀ ਸੀ। ਉਸ ਦੀਆਂ ਸਿਹਤ ਸੰਬੰਧੀ ਬਹੁਤ ਸਾਰੀਆਂ ਬੁਨਿਆਦੀ ਸਮੱਸਿਆਵਾਂ ਸਨ ਅਤੇ ਉਸ ਕਲਸਟਰ ਵਿੱਚ ਮਰਨ ਵਾਲੀ ਉਹ ਤੀਸਰੀ ਹੈ। ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲੀ ਉਹ 19ਵੀਂ ਵਿਅਕਤੀ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਅੱਜ ਰਾਤੀ 11.59 ਵਜੇ 2 ਹਫ਼ਤਿਆਂ ਲਈ ਮੁੜ ਅਲਰਟ ਲੈਵਲ 3 ਉੱਤੇ ਚਲਾ ਜਾਏਗਾ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਪੂਰਾ ਭਰੋਸਾ ਹੈ ਕਿ ਕੋਈ ਵੀ ਕਮਿਊਨਿਟੀ ਟਰਾਂਸਫ਼ਰ ਨਹੀਂ ਹੈ, ਦੇਸ਼ ਅੱਧੀ ਰਾਤ ਨੂੰ ਇਕ ਹਫ਼ਤੇ ਦੇ ਲੰਬੇ ਰਾਸ਼ਟਰ ਵਿਆਪੀ ਲੌਕਡਾਉਨ ਤੋਂ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਫ਼ਲਤਾ ਦੇ ਰਾਹ ਉੱਤੇ ਅੱਗੇ ਵੱਧ ਸਕਦੇ ਹਾਂ, ਅਸੀਂ ਮਿਲ ਕੇ ਇਹ ਕੀਤਾ ਹੈ। 11 ਮਈ ਦਿਨ ਸੋਮਵਾਰ ਨੂੰ ਕੈਬਨਿਟ ਵੱਲੋਂ ਸੰਭਾਵਿਤ ਕਦਮ ‘ਤੇ ਫ਼ੈਸਲਾ ਲਿਆ ਜਾਵੇਗਾ, ਪਰ ਆਰਡਰਨ ਨੇ ਕਿਹਾ ਕਿ ਜੇ ਦੇਸ਼ ਨੂੰ ਲੈਵਲ 3 ਉੱਤੇ ਬਣੇ ਰਹਿਣ ਦੀ ਲੋੜ ਹੈ, ਤਾਂ ‘ਅਸੀਂ ਕਰਾਂਗੇ’।
ਨਵੀਨਤਮ ਸੰਖਿਆਵਾਂ ਪੇਸ਼ ਕਰਦੇ ਸਮੇਂ, ਬਲੂਮਫੀਲਡ ਨੇ ਦੱਸਿਆ ਕਿ 6 ਸੰਭਾਵਿਤ ਕੇਸਾਂ ਨੂੰ ਦੁਬਾਰਾ ਵਰਗੀਕ੍ਰਿਤ ਕੀਤਾ ਗਿਆ ਹੈ, ਜਿਸ ਨਾਲ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਘਟ ਕੇ 1469 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਦੇਸ਼ ਵਿੱਚ ਕੋਵਿਡ -19 ਦੇ ਕੁੱਲ 1,469 ਕੇਸ ਹਨ ਅਤੇ ਕੋਰੋਨਾਵਾਇਰਸ ਤੋਂ ਰਿਕਵਰ ਹੋਇਆਂ ਦੀ ਗਿਣਤੀ 1,180 ਹੋ ਗਈ ਹੈ। ਹਸਪਤਾਲ ਵਿੱਚ 7 ਲੋਕ ਹਨ, 1 ਵਿਅਕਤੀ ਆਈ.ਸੀ.ਯੂ. ਵਿੱਚ ਹੈ।
ਨਿਊਜ਼ੀਲੈਂਡ ਦੇ 1,469 ਕੇਸਾਂ ਵਿੱਚੋਂ 1,121 ਕੰਨਫ਼ਰਮ ਅਤੇ 348 ਪ੍ਰੋਬੈਵਲੀ ਕੇਸ ਹਨ। ਮੈਡੀਕਲ ਸਟੇਟਸ ਅਨੁਸਾਰ 270 ਐਕਟਿਵ ਅਤੇ 1,180 ਰਿਕਵਰ ਕੇਸ ਹਨ ਅਤੇ ਕੋਵਿਡ -19 ਨਾਲ ਦੇਸ਼ ਵਿੱਚ 19 ਮੌਤਾਂ ਹੋਈਆ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 2,994,436 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 206,973 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 878,707 ਹੈ।