ਨਿਊਜ਼ੀਲੈਂਡ ‘ਚ ਦਾਖਲ ਹੋਣ ਲਈ ਨਵੰਬਰ ਤੋਂ ਗੈਰ ਨਾਗਰਿਕਾਂ ਲਈ ਟੀਕਾਕਰਣ ਲਾਜ਼ਮੀ

ਆਕਲੈਂਡ, 3 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਸਰਕਾਰ ਨੇ 1 ਨਵੰਬਰ ਤੋਂ ਗੈਰ ਨਿਊਜ਼ੀਲੈਂਡ ਨਾਗਰਿਕਾਂ ਦੇ ਲਈ ਕੋਰੋਨਾ ਦੀ ਰੋਕਥਾਮ ਵਾਲਾ ਟੀਕਾਕਰਣ ਲੱਗਿਆ ਹੋਣਾ ਲਾਜ਼ਮੀ ਕਰ ਦਿੱਤਾ ਹੈ। ਹੁਣ ਇੱਥੇ ਆਉਣ ਲਈ ਜਹਾਜ਼ੇ ਚੜ੍ਹਨ ਦੀ ਤਾਂ ਹੀ ਇਜਾਜ਼ਤ ਹੋਵੇਗੀ ਜੇਕਰ 17 ਸਾਲ ਤੋਂ ਉੱਪਰ ਵਾਲੇ ਗੈਰ ਨਾਗਰਿਕ ਆਪਣਾ ਕੋਰੋਨਾ ਟੀਕਾਕਰਣ ਕਰਾ ਚੁੱਕੇ ਹੋਣਗੇ।
ਸਿਹਤ ਮੰਤਰੀ ਸ੍ਰੀ ਕ੍ਰਿਸ ਹਿਪਕਿਨਸ ਨੇ ਅੱਜ ਇਸ ਨਿਯਮਾਵਲੀ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਨਿਊਜ਼ੀਲੈਂਡ ਨੂੰ ਦੁਨੀਆ ਦੇ ਨਾਲ ਮੁੜ ਤੋਂ ਜੋੜਨ ਲਈ ਜ਼ਰੂਰੀ ਸਮਝਿਆ ਗਿਆ ਹੈ। ਇੱਥੇ ਆਉਣ ਵਾਲਿਆਂ ਨੂੰ ਪ੍ਰਬੰਧਕੀ ਇਕਾਂਤਵਾਸ ਸਹੂਲਤ (ਐਮਆਈਕਿਯੂ) ਕਮਰੇ ਦੀ ਰਜਿਸਟ੍ਰੇਸ਼ਨ ਵੇਲੇ ਟੀਕਾਕਰਣ ਬਾਰੇ ਸਬੂਤ ਸਮੇਤ ਦੱਸਣਾ ਪਿਆ ਕਰੇਗਾ। ਜੇਕਰ ਕਿਸੀ ਨੂੰ ਇਸ ਦੀ ਛੋਟ ਹੈ ਤਾਂ ਉਸ ਨੂੰ ਏਅਰ ਲਾਈਨ ਨੂੰ ਦੱਸਣਾ ਹੋਵੇਗਾ ਅਤੇ ਇੱਥੇ ਜਹਾਜ਼ ਉੱਤਰਨ ਤੋਂ ਬਾਅਦ ਕਸਟਮ ਅਧਿਕਾਰੀਆਂ ਨੂੰ ਇਹ ਦੱਸਣਾ ਹੋਵੇਗਾ। ਸਰਕਾਰ ਨੇ ਕਿਹਾ ਹੈ ਕਿ ਇਸ ਵੇਲੇ 22 ਤਰ੍ਹਾਂ ਦੀਆਂ ਦਵਾਈਆਂ ਪ੍ਰਮਾਣਿਕ ਹਨ ਅਤੇ ਇਨ੍ਹਾਂ ਵਿੱਚੋਂ ਜਿਹੜੀ ਵੀ ਲੱਗੀ ਹੋਵੇ ਉਹ 14 ਦਿਨ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ। ਇੱਥੇ ਆ ਕੇ 14 ਦਿਨ ਦਾ ਇਕਾਂਤਵਾਸ ਅਜੇ ਜਾਰੀ ਰਹੇਗਾ ਅਤੇ 72 ਘੰਟੇ ਪਹਿਲਾਂ ਹੋਇਆ ਕੋਰੋਨਾ ਟੈੱਸਟ ਦਾ ਨਤੀਜਾ ਵੀ ਨੈਗੇਟਿਵ ਆਇਆ ਹੋਣਾ ਚਾਹੀਦਾ ਹੈ। ਇਹ ਸਾਰਾ ਕੁੱਝ ਅਜੇ ਆਰਜ਼ੀ ਤੌਰ ‘ਤੇ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਡਿਜੀਟਲ ਵੈਕਸੀਨੇਸ਼ਨ ਪਾਸਪੋਰਟ ਵੀ ਲਿਆਂਦਾ ਜਾ ਰਿਹਾ ਜਿਸ ਦੇ ਬਾਅਦ ਸਿਹਤ ਦੀ ਜਾਂਚ ਸਬੰਧੀ ਚੈਕਿੰਗ ਲਈ ਬਹੁਤ ਕੁੱਝ ਹੋਰ ਬਦਲਿਆ ਜਾਵੇਗਾ।
ਏਅਰ ਨਿਊਜ਼ੀਲੈਂਡ ਨੇ ਵੀ ਐਲਾਨ ਕਰ ਦਿੱਤਾ ਹੈ ਕਿ 1 ਫਰਵਰੀ 2022 ਤੋਂ ਉਹ ਲੋਕ (18 ਜਾਂ ਉਸ ਤੋਂ ਉੱਪਰ) ਹੀ ਹਵਾਈ ਯਾਤਰਾ ਕਰ ਸਕਣਗੇ ਜਿਨ੍ਹਾਂ ਦਾ ਪੂਰਾ ਕੋਰੋਨਾ ਟੀਕਾਕਰਣ ਹੋਇਆ ਹੋਵੇਗਾ। ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਇਸ ਵੇਲੇ 1 ਕਰੋੜ 96 ਲੱਖ ਲੋਕਾਂ ਦੇ ਘੱਟੋ-ਘੱਟ ਇਕ ਟੀਕਾ ਅਤੇ 1 ਕਰੋੜ 45 ਲੱਖ 55 ਹਜ਼ਾਰ ਲੋਕਾਂ ਦੇ ਦੋਵੇਂ ਟੀਕੇ ਲੱਗ ਚੁੱਕੇ ਹਨ। ਵਿਸ਼ਵ ਸਿਹਤ ਸੰਸਥਾ ਵੱਲੋਂ ਫਾਈਜ਼ਰ ਨੂੰ ਸਭ ਤੋਂ ਪਹਿਲਾਂ ਈਯੂਐਲ (ਐਮਰਜੈਂਸੀ ਯੂਜ਼ ਲਿਸਟਿੰਗ’ ਦੇ ਵਿੱਚ 31 ਦਸੰਬਰ 2020 ਨੂੰ ਰੱਖਿਆ ਗਿਆ ਸੀ। ਭਾਰਤ ਵੱਲੋਂ ਕੋਵਸ਼ੀਲਡ ਅਤੇ ਅਸਟ੍ਰਾਜੈਨੀਕਾ ਬਣਾਈ ਗਈ। ਜਾਨਸੀਨਲ ਜੌਹਨਸ ਵੱਲੋਂ ਬਣਾਈ ਗਈ।