ਲਖੀਮਪੁਰ ਹਿੰਸਾ: ਸਰਕਾਰ ਤੇ ਕਿਸਾਨਾਂ ਵਿਚਾਲੇ ਸਮਝੌਤਾ, ਕੇਂਦਰੀ ਮੰਤਰੀ ਦੇ ਪੁੱਤਰ ਖ਼ਿਲਾਫ਼ ਕੇਸ ਦਰਜ

ਲਖੀਮਪੁਰ ਖੀਰੀ, 4 ਅਕਤੂਬਰ – ਇੱਥੇ ਕੱਲ੍ਹ ਵਾਪਰੀ ਘਟਨਾ ਦੇ ਮਾਮਲੇ ‘ਚ ਉੱਤਰ ਪ੍ਰਦੇਸ਼ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਮਝੌਤਾ ਹੋ ਗਿਆ ਹੈ। ਕਿਸਾਨ ਆਗੂਆਂ ਵੱਲੋਂ ਬਣਾਏ ਦਬਾਅ ਮਗਰੋਂ ਉੱਤਰ ਪ੍ਰਦੇਸ਼ ਸਰਕਾਰ ਨੇ ਕੱਲ੍ਹ ਵਾਪਰੀ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਸਾਥੀਆਂ ਖ਼ਿਲਾਫ਼ ਹੱਤਿਆ ਤਹਿਤ ਕੇਸ ਦਰਜ ਕਰਨ ਸਮੇਤ ਕਿਸਾਨਾਂ ਦੀਆਂ ਹੋਰ ਕਈ ਮੰਗਾਂ ਮੰਨ ਲਈਆਂ ਹਨ। ਅੰਦੋਲਨਕਾਰੀ ਕਿਸਾਨਾਂ ਤੇ ਸਥਾਨਕ ਪ੍ਰਸ਼ਾਸਨ ਦਰਮਿਆਨ ਹੋਏ ਸਮਝੌਤੇ ਤਹਿਤ ਇਸ ਪੂਰੇ ਮਾਮਲੇ ਦੀ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਜਾਂਚ ਕਰਵਾਈ ਜਾਵੇਗੀ। ਯੂਪੀ ਪੁਲੀਸ ਨੇ ਇਸ ਪੂਰੇ ਮਾਮਲੇ ਵਿੱਚ ਦੋ ਐੱਫਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ ਆਸ਼ੀਸ਼ ਮਿਸ਼ਰਾ ਸਮੇਤ 15 ਵਿਅਕਤੀਆਂ ਦੇ ਨਾਂ ਸ਼ਾਮਲ ਹਨ।
ਸਮਝੌਤੇ ਦੀਆਂ ਹੋਰਨਾਂ ਸ਼ਰਤਾਂ ਵਿੱਚ ਹਿੰਸਾ ਦੌਰਾਨ ਮਾਰੇ ਗਏ 4 ਕਿਸਾਨਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਦੇ ਮੁਆਵਜ਼ੇ ਦੇ ਨਾਲ ਘਰ ਦੇ ਇਕ ਜੀਅ ਨੂੰ ਯੋਗਤਾ ਦੇ ਅਧਾਰ ‘ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਜ਼ਖ਼ਮੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ। ਸਮਝੌਤੇ ਮਗਰੋਂ ਕਿਸਾਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਤੇ ਪੋਸਟ ਮਾਰਟਮ ਮਗਰੋਂ ਮ੍ਰਿਤਕ ਦੇਹਾਂ ਪੀੜਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉਂਜ ਇਹਤਿਆਤ ਵਜੋਂ ਲਖੀਮਪੁਰ ਖੀਰੀ ਵਿੱਚ ਰੈਪਿਡ ਐਕਸ਼ਨ ਫੋਰਸ ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਪੂਰੇ ਜ਼ਿਲ੍ਹੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹਨ। ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਖ਼ੁਦ ਪੂਰੇ ਹਾਲਾਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਸਮਝੌਤਾ ਸਿਰੇ ਚੜ੍ਹਨ ਤੋਂ ਪਹਿਲਾਂ ਪ੍ਰਸ਼ਾਸਨ ਨਾਲ ਹੋਈਆਂ ਮੀਟਿੰਗਾਂ ਵਿੱਚ ਰਾਕੇਸ਼ ਟਿਕੈਤ, ਗੁਰਮਨੀਤ ਸਿੰਘ ਮਾਂਗਟ, ਬਾਬਾ ਅਨੂਪ ਸਿੰਘ, ਜਗਤਾਰ ਸਿੰਘ ਵਿਰਕ ਤੇ ਹੋਰ ਆਗੂ ਮੌਜੂਦ ਸਨ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀ ਮੌਜੂਦਗੀ ਵਿੱਚ ਕੀਤੀ ਸਾਂਝੀ ਪ੍ਰੈੱਸ ਕਾਨਫ਼ਰੰਸ ਦੌਰਾਨ ਯੂਪੀ ਦੇ ਵਧੀਕ ਡੀਜੀਪੀ (ਕਾਨੂੰਨ ਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਮਗਰੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਸਹਿਮਤ ਹੋ ਗਈ ਹੈ। ਉਨ੍ਹਾਂ ਕਿਹਾ, ”ਕਿਸਾਨਾਂ ਨਾਲ ਸਮਝੌਤਾ ਸਿਰੇ ਚੜ੍ਹ ਗਿਆ ਹੈ। ਸਰਕਾਰ ਐਤਵਾਰ ਨੂੰ ਹੋਈ ਹਿੰਸਾ ਦੌਰਾਨ ਮਾਰੇ ਗਏ ਚਾਰ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 45-45 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ। ਇਸ ਤੋਂ ਇਲਾਵਾ ਪਰਿਵਾਰ ਦੇ ਇਕ-ਇਕ ਜੀਅ ਨੂੰ ਸਥਾਨਕ ਪੱਧਰ ‘ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।” ਉਨ੍ਹਾਂ ਕਿਹਾ, ”ਸਰਕਾਰ ਜ਼ਖ਼ਮੀਆਂ ਨੂੰ 10-10 ਲੱਖ ਰੁਪਏ ਦੇਣ ਤੋਂ ਇਲਾਵਾ ਇਸ ਪੂਰੇ ਮਾਮਲੇ ਦੀ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਜਾਂਚ ਕਰਵਾਏਗੀ। ਕਿਸਾਨਾਂ ਦੀ ਮੰਗ ਮੁਤਾਬਿਕ ਸਬੰਧਿਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਜਾਵੇਗੀ।” ਕਿਸਾਨਾਂ ਨਾਲ ਸਮਝੌਤਾ ਸਿਰੇ ਚੜ੍ਹਨ ਮਗਰੋਂ ਯੂਪੀ ਦੀ ਯੋਗੀ ਸਰਕਾਰ ਇਕ ਵੱਡੇ ਸੰਕਟ ਨੂੰ ਟਾਲਣ ਵਿੱਚ ਸਫਲ ਰਹੀ ਹੈ। ਸੱਤਾਧਾਰੀ ਭਾਜਪਾ ਲਈ ਕਿਸਾਨਾਂ ਨਾਲ ਅਸਥਾਈ ਯੁੱਧਬੰਦੀ ਕਾਫ਼ੀ ਅਹਿਮ ਹੈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੀ ਨਹੀਂ ਚਾਹੁੰਦੀ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਸੇਕ ਪੱਛਮੀ ਯੂਪੀ ਨੂੰ ਪਾਰ ਕਰਕੇ ਸੂਬੇ ‘ਚ ਹੋਰ ਅੱਗੇ ਫੈਲੇ। ਕਾਬਿਲੇਗੌਰ ਹੈ ਕਿ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਆਮਦ ਦਾ ਵਿਰੋਧ ਕਰਨ ਨੂੰ ਲੈ ਕੇ ਇਕੱਠੇ ਹੋਏ ਕਿਸਾਨਾਂ ‘ਤੇ ਗੱਡੀਆਂ ਚੜ੍ਹਨ ਮਗਰੋਂ ਭੜਕੀ ਹਿੰਸਾ ਵਿੱਚ 4 ਕਿਸਾਨਾਂ ਸਮੇਤ 9 ਜਣਿਆਂ ਦੀ ਮੌਤ ਹੋ ਗਈ ਸੀ। ਬਾਕੀ 4 ਭਾਜਪਾ ਵਰਕਰ ਸਨ, ਜੋ ਉਪ ਮੰਤਰੀ ਦੇ ਕਾਫ਼ਲੇ ਵਿੱਚ ਸ਼ਾਮਲ ਕਾਰ ‘ਤੇ ਸਵਾਰ ਸਨ ਅਤੇ ਇੱਕ ਪੱਤਰਕਾਰ ਦੀ ਵੀ ਮੌਤ ਹੋਈ ਹੈ।
ਜ਼ਿਲ੍ਹੇ ਦੇ ਤਿਕੋਨੀਆ ਇਲਾਕੇ ‘ਚ ਐਤਵਾਰ ਨੂੰ ਹੋਈ ਹਿੰਸਕ ਘਟਨਾ ਤੋਂ ਬਾਅਦ ਅੱਜ ਸਵੇਰੇ ਇਕ ਪੱਤਰਕਾਰ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਨਿਘਾਸਨ ਇਲਾਕੇ ‘ਚ ਮ੍ਰਿਤਕ ਮਿਲੇ ਸਥਾਨਕ ਪੱਤਰਕਾਰ ਦੀ ਪਹਿਚਾਣ ਰਮਨ ਕਸ਼ਯਪ ਵਜੋਂ ਹੋਈ ਹੈ। ਪੁਲਿਸ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਤਰਕਾਰ ਰਮਨ ਕੱਲ੍ਹ ਵਾਪਰੀ ਘਟਨਾ ਤੋਂ ਬਾਅਦ ਲਾਪਤਾ ਹੋ ਗਿਆ ਸੀ ਅਤੇ ਅੱਜ ਉਸ ਦੀ ਲਾਸ਼ ਖੇਤਾਂ ‘ਚੋਂ ਬਰਾਮਦ ਕੀਤੀ ਗਈ ਹੈ। ਇਸ ਦੌਰਾਨ ਡਾਕਟਰਾਂ ਦੇ ਪੈਨਲ ਵੱਲੋਂ ਅੱਜ ਸਾਰੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਲਖੀਮਪੁਰ ਖੀਰੀ ਵਿਚਲੇ ਸੂਤਰਾਂ ਨੇ ਕਿਹਾ ਕਿ ਜਗਜੀਤ ਸਿੰਘ ਨਾਂ ਦੇ ਕਿਸਾਨ ਦੀ ਸ਼ਿਕਾਇਤ ‘ਤੇ ਆਸ਼ੀਸ਼ ਮਿਸ਼ਰਾ ਤੇ ਕੁੱਝ ਹੋਰਨਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਉੱਧਰ ਅੱਜ ਤੜਕੇ ਲਖੀਮਪੁਰ ਖੀਰੀ ਪੁੱਜਣ ‘ਚ ਸਫ਼ਲ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਯਾਦ-ਪੱਤਰ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਹਟਾਉਣ ਤੇ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਸੀ। ਟਿਕੈਤ ਨੇ ਪ੍ਰਸ਼ਾਸਨ ਨੂੰ ਸਾਫ਼ ਕਰ ਦਿੱਤਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਮਗਰੋਂ ਹੀ ਕਿਸਾਨਾਂ ਦਾ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਚਿਕੁਨੀਆ ਦੇ ਕਾਲਜ ਗਰਾਊਂਡ ਵਿੱਚ ਸੈਂਕੜੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ 4 ਕਿਸਾਨਾਂ ਦੀਆਂ ਲਾਸ਼ਾਂ ਨੂੰ ਰਾਤ ਭਰ ਆਪਣੀ ਨਿਗਰਾਨੀ ਵਿੱਚ ਰੱਖਿਆ।
ਮੰਗਾਂ ਨਾ ਮੰਨੀਆਂ ਤਾਂ ਭੋਗ ‘ਤੇ ਅਗਲੇ ਐਕਸ਼ਨ ਦਾ ਐਲਾਨ ਕਰਾਂਗੇ’
ਸੰਯੁਕਤ ਕਿਸਾਨ ਮੋਰਚੇ ਦੇ ਲੀਗਲ ਸੈੱਲ ਦੇ ਮੈਂਬਰ ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਮੰਨੀਆਂ ਗਈਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਮ੍ਰਿਤਕਾਂ ਦੇ ਭੋਗ ਸਮਾਗਮਾਂ ਉੱਪਰ ਅਗਲੇ ਐਕਸ਼ਨ ਬਾਰੇ ਐਲਾਨ ਕੀਤਾ ਜਾ ਸਕਦਾ ਹੈ।