ਨਿਊਜ਼ੀਲੈਂਡ ਤੇ ਭਾਰਤ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਲਈ ਹੋਰ ਉਡਾਣਾਂ ਅਤੇ ਹਵਾਬਾਜ਼ੀ ਸਿਖਲਾਈ ਲਈ ਸਮਝੌਤਾ ਪੱਤਰ ‘ਤੇ ਦਸਤਖ਼ਤ

ਨਵੀਂ ਦਿੱਲੀ, 31 ਅਗਸਤ – ਨਿਊਜ਼ੀਲੈਂਡ ਦੀਆਂ ਏਅਰਲਾਈਨਾਂ ਭਾਰਤ ‘ਚ ਛੇ ਪ੍ਰਮੁੱਖ ਸ਼ਹਿਰਾਂ ਨਵੀਂ ਦਿੱਲੀ, ਮੁੰਬਈ, ਬੈਂਗਲੁਰੂ, ਚੇਨਈ, ਹੈਦਰਾਬਾਦ ਅਤੇ ਕੋਲਕਾਤਾ ਲਈ ਕਿਸੇ ਵੀ ਗਿਣਤੀ ‘ਚ ਸੇਵਾਵਾਂ ਚਲਾਉਣ ਦੇ ਯੋਗ ਹੋ ਸਕਦੀਆਂ ਹਨ।
ਭਾਰਤ ਤੇ ਨਿਊਜ਼ੀਲੈਂਡ ਨੇ ਦੋਹਾਂ ਦੇਸ਼ਾਂ ਦਰਮਿਆਨ ਨਾਗਰਿਕ ਹਵਾਬਾਜ਼ੀ ਦਾ ਵਿਸਤਾਰ ਕਰਨ ਲਈ ਸਮਝੌਤਾ ਪੱਤਰ ‘ਤੇ ਦਸਤਖ਼ਤ ਕੀਤੇ ਹਨ। ਇਸ ਸਹਿਮਤੀ ਪੱਤਰ ‘ਤੇ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਸਕੱਤਰ ਰਾਜੀਵ ਬਾਂਸਲ ਅਤੇ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਡੇਵਿਡ ਪਾਈਨ ਨੇ ਦਸਤਖ਼ਤ ਕੀਤੇ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੀਆਂ ਏਅਰਲਾਈਨਾਂ ਭਾਰਤ ਦੇ ਛੇ ਪ੍ਰਮੁੱਖ ਸ਼ਹਿਰਾਂ ਨਵੀਂ ਦਿੱਲੀ, ਮੁੰਬਈ, ਬੈਂਗਲੁਰੂ, ਚੇਨਈ, ਹੈਦਰਾਬਾਦ ਅਤੇ ਕੋਲਕਾਤਾ ਤੱਕ / ਤੋਂ ਕਿਸੇ ਵੀ ਗਿਣਤੀ ‘ਚ ਸੇਵਾਵਾਂ ਚਲਾਉਣ ਦੇ ਯੋਗ ਹੋ ਸਕਦੀਆਂ ਹਨ। ਇਸੇ ਤਰ੍ਹਾਂ ਭਾਰਤ ਤੋਂ ਮਨੋਨੀਤ ਏਅਰਲਾਈਨਾਂ ਆਕਲੈਂਡ, ਵੈਲਿੰਗਟਨ, ਕ੍ਰਾਈਸਟਚਰਚ ਅਤੇ ਨਿਊਜ਼ੀਲੈਂਡ ਦੇ ਤਿੰਨ ਹੋਰ ਸ਼ਹਿਰਾਂ ਲਈ / ਤੋਂ ਭਾਰਤ ਸਰਕਾਰ ਦੁਆਰਾ ਨਾਮਿਤ ਕੀਤੀਆਂ ਗਈਆਂ ਸੇਵਾਵਾਂ ਨੂੰ ਚਲਾਉਣ ਦੇ ਯੋਗ ਹੋਣਗੀਆਂ।
ਭਾਰਤ ਦੇ ਸਿਵਲ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਨਿਊਜ਼ੀਲੈਂਡ ਮਨਿਸਟਰ ਫ਼ਾਰ ਟ੍ਰੇਡ ਗ੍ਰੋਥ, ਐਗਰੀਕਲਚਰ, ਬਾਇਓਸਕਿਊਰਿਟੀ, ਲੈਂਡ ਇਨਫਰਮੇਸ਼ਨ ਅਤੇ ਰੂਰਲ ਕਮਿਊਨਿਟੀਜ਼ ਓ’ਕੋਨਰ ਇਸ ਮੌਕੇ ‘ਤੇ ਮੌਜੂਦ ਸਨ। ਇਹ ਸਮਝੌਤਾ ਨਵੇਂ ਰੂਟਾਂ ਦੀ ਸਮਾਂ-ਸਾਰਣੀ, ਕੋਡਸ਼ੇਅਰ ਸੇਵਾਵਾਂ, ਸਮਰੱਥਾ ਅਧਿਕਾਰ, ਹਵਾਬਾਜ਼ੀ ਸੁਰੱਖਿਆ ਅਤੇ ਹਵਾਬਾਜ਼ੀ ਸਿਖਲਾਈ ਵਰਗੇ ਮੁੱਖ ਖੇਤਰਾਂ ਨੂੰ ਕਵਰ ਕਰੇਗਾ।
ਇਸ ਤੋਂ ਪਹਿਲਾਂ 1 ਮਈ 2017 ਨੂੰ ਭਾਰਤ ਅਤੇ ਨਿਊਜ਼ੀਲੈਂਡ ਨੇ ਆਕਲੈਂਡ ‘ਚ ਹਵਾਈ ਸੇਵਾ ਸਮਝੌਤੇ ‘ਤੇ ਵੀ ਦਸਤਖ਼ਤ ਕੀਤੇ ਸਨ। ਵਿਸਤ੍ਰਿਤ ਸਮੀਖਿਆ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਨਾਗਰਿਕ ਹਵਾਬਾਜ਼ੀ ‘ਚ ਦੁਵੱਲੇ ਸਬੰਧਾਂ ਨੂੰ ਹੋਰ ਹੁਲਾਰਾ ਦੇਣ ਲਈ ਬਿੰਦੂ ਜੋੜ ਦਿੱਤੇ ਹਨ।
ਭਾਰਤ ਜੋ ਕਿ ਨਿਊਜ਼ੀਲੈਂਡ ਦੇ ਚੋਟੀ ਦੇ 15 ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ, ਜਿਨ੍ਹਾਂ ‘ਚ ਲਗਭਗ NZ$2.2 ਬਿਲੀਅਨ ਮੁੱਲ ਦੀਆਂ ਵਸਤੂਆਂ ਅਤੇ ਸੇਵਾਵਾਂ ਦਾ ਦੋ-ਪੱਖੀ ਵਪਾਰ ਹੁੰਦਾ ਹੈ।
ਨਿਊਜ਼ੀਲੈਂਡ ਵੱਲੋਂ ਭਾਰਤ ਨੂੰ NZ$1.1 ਬਿਲੀਅਨ (ਸਾਮਾਨ ‘ਚ NZ$467 ਮਿਲੀਅਨ, ਸੇਵਾਵਾਂ ‘ਚ NZ$633 ਮਿਲੀਅਨ) ਦਾ ਨਿਰਯਾਤ ਕੀਤਾ ਜਾਂਦਾ ਹੈ ਜਦੋਂ ਕਿ NZ$1 ਬਿਲੀਅਨ (ਸਾਮਾਨ ‘ਚ NZ$878 ਮਿਲੀਅਨ, ਸੇਵਾਵਾਂ ‘ਚ NZ$202 ਮਿਲੀਅਨ) ਮੁੱਲ ਦੀ ਦਰਾਮਦ ਕੀਤੀ ਜਾਂਦੀ ਹੈ।