ਨਿਊਜ਼ੀਲੈਂਡ ਦਾ ਟੀ-20 ਸੀਰੀਜ਼ ‘ਤੇ 2-1 ਨਾਲ ਕਬਜ਼ਾ, ਭਾਰਤ ਨੂੰ ਆਖ਼ਰੀ ਮੈਚ 4 ਦੌੜਾਂ ਨਾਲ ਹਰਾਇਆ 

ਹੈਮਿਲਟਨ, 11 ਫਰਵਰੀ – ਇੱਥੇ ਦੇ ਸੇਡਨ ਪਾਰਕ ਸਟੇਡੀਅਮ ਵਿਖੇ 10 ਫਰਵਰੀ ਨੂੰ ਖੇਡੇ ਗਏ ਟੀ-20 ਸੀਰੀਜ਼ ਦੇ ਆਖ਼ਰੀ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਭਾਰਤ ਨੂੰ 4 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 2-1 ਤੋਂ ਆਪਣੇ ਨਾਮ ਕਰ ਲਈ। ਇਸ ਦੇ ਨਾਲ ਲਗਾਤਾਰ 10 ਵਾਰ ਤੋਂ ਟੀ-20 ਇੰਟਰਨੈਸ਼ਨਲ ਸੀਰੀਜ਼ ਜੇਤੂ ਚੱਲੀ ਆ ਰਹੀ ਭਾਰਤੀ ਟੀਮ ਦਾ ਅਜਿੱਤ ਸਫ਼ਰ ਐਤਵਾਰ ਨੂੰ ਰੁਕ ਗਿਆ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ 2017 ਵਿੱਚ ਵੈਸਟ ਇੰਡੀਜ਼ ਦੇ ਖ਼ਿਲਾਫ਼ ਟੀ-20 ਸੀਰੀਜ਼ ਗੁਆਈ ਸੀ। 
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 8 ਵਿਕਟਾਂ ਉੱਤੇ 212 ਦੌੜਾਂ ਬਣਾਈਆਂ। ਕੀਵੀ ਬੱਲੇਬਾਜ਼ ਕਾਲਿਨ ਮੁਨਰੋ ਨੇ 72, ਟਿਮ ਸੀਫਰਟ ਨੇ 43, ਕੋਲਿਨ ਡਿ ਗ੍ਰੈਂਡਹੋਮ ਨੇ 30, ਕਪਤਾਨ ਕੇਨ ਵਿਲੀਅਮਸਨ ਨੇ 27, ਡੈਰਲ ਮਿਚਲ ਨੇ 19 ਅਤੇ ਰੋਸ ਟੇਲਰ ਨੇ 14 ਦੌੜਾਂ ਬਣਾਈਆਂ ਭਾਰਤ ਵੱਲੋਂ ਗੇਂਦਬਾਜ਼ ਕੁਲਦੀਪ ਯਾਦਵ ਨੇ 2 ਅਤੇ ਭੁਵਨੇਸ਼ਵਰ ਕੁਮਾਰ ਤੇ ਖਲੀਲ ਅਹਿਮਦ ਨੇ 1-1 ਵਿਕਟ ਲਿਆ। 
ਨਿਊਜ਼ੀਲੈਂਡ ਟੀਮ ਵੱਲੋਂ ਮਿਲੇ 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਟੀਮ 20 ਓਵਰਾਂ ਵਿੱਚ 6 ਵਿਕਟਾਂ ਉੱਤੇ 208 ਦੌੜਾਂ ਬਣਾ ਸੱਕੀ ਅਤੇ 4 ਦੌੜਾਂ ਨਾਲ ਮੈਚ ਹਾਰ ਗਈ। ਭਾਰਤ ਵੱਲੋਂ ਵਿਜੇ ਸ਼ੰਕਰ ਨੇ 43, ਕਪਤਾਨ ਰੋਹੀਤ ਸ਼ਰਮਾ ਨੇ 38 ਅਤੇ ਰਿਸ਼ਭ ਪੰਤ ਨੇ 28 ਦੌੜਾਂ ਬਣਾਈਆਂ। ਜਦੋਂ ਕਿ ਦਿਨੇਸ਼ ਕਾਰਤਕ ਨੇ 16 ਗੇਂਦਾਂ ਵਿੱਚ ਨਾਬਾਦ 33 ਦੌੜਾਂ ਬਣਾਉਂਦੇ ਹੋਏ 4 ਛੱਕੇ ਲਗਾਏ  ਅਤੇ ਕਰੁਣਾਲ ਪੰਡਿਆ ਨੇ 13 ਗੇਂਦਾਂ ਵਿੱਚ ਨਾਬਾਦ 26 ਦੌੜਾਂ ਬਣਾਈਆਂ ਜਿਸ ਵਿੱਚ ਉਸ ਨੇ 2 ਚੌਕੇ ਤੇ 2 ਛੱਕੇ ਵੀ ਲਗਾਏ। ਦੋਵਾਂ ਨੇ 7ਵੇਂ ਵਿਕਟ ਲਈ 4.4 ਓਵਰ ਵਿੱਚ 63 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਟੀਮ ਨੂੰ ਜਿੱਤ ਨਹੀਂ ਦਵਾ ਸਕੇ। ਕੀਵੀ ਗੇਂਦਬਾਜ਼ ਡੇਰਿਲ ਮਿਸ਼ੇਲ ਅਤੇ ਮਿਸ਼ੇਲ ਸੈਂਟਨਰ ਨੇ 2-2 ਵਿਕਟਾਂ ਲਈਆਂ ਜਦੋਂ ਕਿ ਸਕਾਟ ਕੁਗਲੇਲੀਜਨ ਤੇ ਪਹਿਲਾ ਮੈਚ ਖੇਡ ਰਹੇ ਗੇਂਦਬਾਜ਼ ਬਲੇਅਰ ਟਿੱਕਨਰ ਨੇ 1-1 ਵਿਕਟ ਲਿਆ।