ਪੁਲਵਾਮਾ ਅਤਿਵਾਦੀ ਹਮਲਾ ‘ਚ 44 ਜਵਾਨ ਸ਼ਹੀਦ

ਸ੍ਰੀਨਗਰ, 15 ਫਰਵਰੀ –  ਜੰਮੂ-ਕਸ਼ਮੀਰ ਵਿੱਚ 14 ਫਰਵਰੀ ਦਿਨ ਵੀਰਵਾਰ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਅਤਿਵਾਦੀ ਹਮਲਾ ਹੋਇਆ। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਉੱਤੇ ਅਵੰਤੀਪੋਰਾ ਦੇ ਕੋਲ ਗੋਰੀਪੋਰਾ ਵਿੱਚ ਹੋਏ ਹਮਲੇ ‘ਚ ਸੀਆਰਪੀਐਫ ਦੇ 44 ਜਵਾਨ ਸ਼ਹੀਦ ਹੋ ਗਏ ਤੇ ਲਗਭਗ 2 ਦਰਜਨ ਤੋਂ ਜ਼ਿਆਦਾ ਜਵਾਨ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 
ਪੁਲਵਾਮਾ ਜ਼ਿਲ੍ਹੇ ‘ਚ ਹੋਏ ਸਭ ਤੋਂ ਵੱਡੇ ਅਤੇ ਭਿਆਨਕ ਹਮਲੇ ਦੌਰਾਨ ਜੈਸ਼-ਏ-ਮੁਹੰਮਦ ਦੇ ਅਤਿਵਾਦੀ ਨੇ ਵਿਸਫੋਟ ਨਾਲ ਭਰੀ ਕਾਰ ਸੀ.ਆਰ.ਪੀ.ਐਫ. ਦੇ ਜਵਾਨਾਂ ਨੂੰ ਲਿਜਾ ਰਹੀ ਬੱਸ ‘ਚ ਮਾਰੀ। ਇਹ ਹਮਲਾ ਸ੍ਰੀਨਗਰ ਤੋਂ 30 ਕਿੱਲੋ ਮੀਟਰ ਦੀ ਦੂਰੀ ‘ਤੇ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ‘ਚ ਸਥਿਤ ਸ੍ਰੀਨਗਰ-ਜੰਮੂ ਹਾਈਵੇਅ ‘ਤੇ ਅਵੰਤੀਪੋਰਾ-ਲਿਤਪੋਰਾ ਵਿਖੇ ਜੈਸ਼-ਏ-ਮੁਹੰਮਦ ਵੱਲੋਂ ਜੰਮੂ ਤੋਂ ਆ ਰਹੇ ਸੀਆਰਪੀਐਫ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਗੌਰਤਲਬ ਹੈ ਕਿ 18 ਸਤੰਬਰ, 2016 ਵਿੱਚ ਉੜੀ ਬ੍ਰਿਗੇਡ ਕੈਂਪ ‘ਤੇ ਕੀਤੇ ਫਿਦਾਇਨ ਹਮਲੇ ਦੇ ਬਾਅਦ ਅਤਿਵਾਦੀਆਂ ਵੱਲੋਂ ਕੀਤਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ। ਜਿਸ ਵਿੱਚ 18 ਜਵਾਨ ਸ਼ਹੀਦ ਅਤੇ 30 ਜ਼ਖ਼ਮੀ ਹੋ ਗਏ ਸਨ। ਜ਼ਖ਼ਮੀ ਜਵਾਨਾਂ ਨੂੰ ਫ਼ੌਜ ਦੇ ਸ੍ਰੀਨਗਰ ਸਥਿਤ 92 ਬੇਸ ਹਸਪਤਾਲ ਬਦਾਮੀ ਬਾਗ਼ ‘ਚ ਦਾਖ਼ਲ ਕਰਵਾਇਆ ਗਿਆ। 
ਖ਼ਬਰਾਂ ਅਨੁਸਾਰ ਜੈਸ਼-ਏ-ਮੁਹੰਮਦ ਦੇ ਇੱਕ ਕਾਰ ਸਵਾਰ ਅਤਿਵਾਦੀ ਫਿਦਾਇਨ ਨੇ ਦੁਪਹਿਰ 3.15 ਵਜੇ ਅਵੰਤੀਪੋਰਾ-ਲਿਤਪੋਰਾ (ਗੋਰੀਪੋਰਾ) ਨੇੜੇ ਸਵੇਰੇ ਜੰਮੂ ਤੋਂ ਆ ਰਹੇ ਸੀਆਰਪੀਐਫ ਦੇ 78 ਗੱਡੀਆਂ ਦੇ ਕਾਫ਼ਲੇ ‘ਚ 2547 ਦੇ ਕਰੀਬ ਜਵਾਨ ਸਵਾਰ ਸਨ, ਨੂੰ ਨਿਸ਼ਾਨਾ ਬਣਾਇਆ। ਕਾਫ਼ਲੇ ‘ਚ ਬਹੁਤੇ ਜਵਾਨ ਛੁੱਟੀ ਕੱਟ ਕੇ ਵਾਪਸ ਆਏ ਸਨ।