ਨਿਊਜ਼ੀਲੈਂਡ ਸਰਕਾਰ ਵੱਲੋਂ ਪੁਲਵਾਮਾ ਅਤਿਵਾਦੀ ਹਮਲੇ ਦੀ ਨਿਖੇਧੀ ਵਾਲਾ ਮਤਾ ਪਾਸ  

 ਵੈਲਿੰਗਟਨ, 22 ਫਰਵਰੀ – 20 ਫਰਵਰੀ ਨੂੰ ਡਿਪਟੀ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਨੇ ਸੰਸਦ ਦੇ ਇਜਲਾਸ ਵਿੱਚ 14 ਫਰਵਰੀ ਨੂੰ ਭਾਰਤ ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ ਸੀਆਰਪੀਐਫ ਦੇ ਜਵਾਨਾਂ ‘ਤੇ ਹੋਏ ਅਤਿਵਾਦੀ ਹਮਲੇ ਦੀ ਨਿਖੇਧੀ ਵਾਲਾ ਮਤਾ ਲਿਆਂਦਾ, ਜਿਸ ਨੂੰ ਸੰਸਦ ਨੇ ਬਹੁ-ਗਿਣਤੀ ਨਾਲ ਪਾਸ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਫ਼ਿਦਾਇਨ ਹਮਲੇ ਵਿੱਚ 40 ਜਵਾਨ ਸ਼ਹੀਦ ਹੋਏ ਗਏ ਸਨ। 
ਮਿਸਟਰ ਪੀਟਰਜ਼ ਵੱਲੋਂ ਸੰਸਦ ਵਿੱਚ ਅੱਜ ਮੋਸ਼ਨ ਵਿਦਾਊਟ ਨੋਟਿਸ ਪੇਸ਼ ਕਰਦੇ ਹੋਏ ਕਿਹਾ ਕਿ ‘ਮੈਂ ਇਹ ਮੋਸ਼ਨ ਪੇਸ਼ ਕਰਦਾ ਹਾਂ ਕਿ 14 ਫਰਵਰੀ ਨੂੰ ਇੰਡੀਅਨ ਸੈਂਟਰਲ ਰਿਜ਼ਰਵ ਫੋਰਸ (CRPF) ਕਰਮਚਾਰੀਆਂ ‘ਤੇ ਹੋਏ ਅਤਿਵਾਦ ਕਾਰੇ ਦੀ ਨਿੰਦਾ ਕਰਦਾ ਹਾਂ, ਜਿਸ ਵਿੱਚ ਭਾਰਤੀ ਜਵਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ’। ਮਿਸਟਰ ਪੀਟਰਜ਼ ਨੇ ਕਿਹਾ ਇਹ ਹਾਊਸ ਪੁਲਵਾਮਾ ਵਿੱਚ ਇੰਡੀਅਨ ਸੈਂਟਰਲ ਰਿਜ਼ਰਵ ਫੋਰਸ ਦੇ ਹਮਲੇ ਦੀ ਨਿੰਦਾ ਕਰਦਾ ਹੈ।
ਮਿਸਟਰ ਪੀਟਰਜ਼ ਨੇ ਕਿਹਾ ਕਿ ਅਸੀਂ ਭਾਰਤ ਦੀ ਸਰਕਾਰ ਅਤੇ ਉੱਥੇ ਦੇ ਲੋਕਾਂ ਨੂੰ ਹਮਦਰਦੀ ਦੀ ਪੇਸ਼ਕਸ਼ ਕਰਦੇ ਹਾਂ ਅਤੇ ਇਸ ਮੁਸ਼ਕਲ ਸਮੇਂ ਵਿੱਚ ਭਾਰਤ ਸਰਕਾਰ ਨਾਲ ਇੱਕਜੁੱਟਤਾ ਦੇ ਨਾਲ-ਨਾਲ ਪ੍ਰਭਾਵਿਤ ਲੋਕਾਂ ਲਈ ਸਾਡੀ ਡੂੰਘੀ ਹਮਦਰਦੀ ਦੀ ਪੇਸ਼ਕਸ਼ ਕਰਦੇ ਹਾਂ। ਸੰਸਦ ਨੇ ਇਸ ਮਤੇ ਨੂੰ ਬਹੁ-ਗਿਣਤੀ ਨਾਲ ਪਾਸ ਕਰ ਦਿੱਤਾ।