ਇੰਡੀਆ-ਨਿਊਜ਼ੀਲੈਂਡ ਸੰਮਿਟ: ਨੈਸ਼ਨਲ ਪਾਰਟੀ ਸਰਕਾਰ ਦੀ ਸਰਕਾਰ ਬਣਨ ‘ਤੇ ਭਾਰਤ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਬਾਰੇ ਗੱਲਬਾਤ ਕਰਾਂਗੇ – ਕ੍ਰਿਟੋਫਰ ਲਕਸਨ

ਆਕਲੈਂਡ, 20 ਅਪ੍ਰੈਲ – ਇੱਥੇ ਦੇ ਪਾਪਾਟੋਏਟੋਏ ਇਲਾਕੇ ਵਿੱਚ 18 ਅਪ੍ਰੈਲ ਨੂੰ ਨੈਸ਼ਨਲ ਪਾਰਟੀ ਵੱਲੋਂ 18 ਅਪ੍ਰੈਲ ਦਿਨ ਮੰਗਲਵਾਰ ਨੂੰ ਸਵਾਮੀ ਨਰਾਇਣ ਮੰਦਰ 1/7 ਵਿਲਮੇਐਵੇਨਿਊ ਪਾਪਾਟੋਏਟੋਏ ਵਿਖੇ ‘ਇੰਡੀਆ-ਨਿਊਜ਼ੀਲੈਂਡ ਸੰਮਿਟ’ ਦੇ ਨਾਂਅ ਹੇਠ ਭਾਰਤੀ ਭਾਈਚਾਰੇ ਨਾਲ ਮਿਲਣੀ ਕਰਵਾਈ ਗਈ।
ਜਿਸ ਵਿੱਚ ਨੈਸ਼ਨਲ ਪਾਰਟੀ ਲੀਡਰ ਕ੍ਰਿਟੋਫਰ ਲਕਸਨ ਦੇ ਨਾਲ ਪਾਰਟੀ ਦੇ ਟ੍ਰੇਡ ਸਪੋਕਸਪਰਸਨ ਟੋਡ ਮੈਕਲੇ, ਐਜੂਕੇਸ਼ਨ ਤੇ ਇਮੀਗ੍ਰੇਸ਼ਨ ਸਪੋਕਸਪਰਸਨ ਏਰਿਕਾ ਸਟੈਨਫੋਰਡ, ਪੈਨੀ ਸਿਮੰਡਸ, ਮੇਲਿਸਾ ਲੀ ਅਤੇ ਲਾਅ ਐਂਡ ਆਰਡਰ ਤੇ ਪੁਲਿਸ ਦੇ ਸਪੋਕਸਪਰਸਨ ਮਾਰਕ ਮਿਸ਼ੇਲ ਪਹੁੰਚੇ। ‘ਇੰਡੀਆ-ਨਿਊਜ਼ੀਲੈਂਡ ਸੰਮਿਟ’ ਦਾ ਸੰਚਾਲਨ ਐਮਸੀ ਦੇ ਤੌਰ ‘ਤੇ ਸਾਬਕਾ ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ ਨੇ ਨਿਭਾਈ। ਇੰਡੀਆ-ਨਿਊਜ਼ੀਲੈਂਡ ਸੰਮਿਟ ਵਿੱਚ ਚਰਚਾ ਅਰਥਵਿਵਸਥਾ, ਦੁਵੱਲੇ ਵਪਾਰ, ਟੂਰਿਜ਼ਮ, ਅੰਤਰਰਾਸ਼ਟਰੀ ਸਿੱਖਿਆ, ਇਮੀਗ੍ਰੇਸ਼ਨ ਅਤੇ ਕਾਨੂੰਨ ਅਤੇ ਵਿਵਸਥਾ ਤੋਂ ਲੈ ਕੇ ਸੀ।
ਨੈਸ਼ਨਲ ਪਾਰਟੀ ਲੀਡਰ ਕ੍ਰਿਟੋਫਰ ਲਕਸਨ ਨੇ ਆਪਣੇ ਸੰਬੋਧਨ ‘ਚ ਇੱਕ ਉੱਚੀ ਅਤੇ ਸਪਸ਼ਟ ਰਣਨੀਤੀ ਦਾ ਐਲਾਨ ਕੀਤਾ ਕਿ ਜੇ ਅਕਤੂਬਰ ‘ਚ ਹੋਣ ਵਾਲੀਆਂ ਚੋਣਾਂ ‘ਚ ਜਿੱਤ ਦਰਜ ਕਰਕੇ ਨੈਸ਼ਨਲ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਭਾਰਤ ਨਾਲ ਇੱਕ ਮੁਕਤ ਵਪਾਰ ਸਮਝੌਤਾ ਪ੍ਰਾਪਤ ਕੀਤਾ ਜਾਏਗਾ ਜੋ ਨੈਸ਼ਨਲ ਸਰਕਾਰ ਲਈ ਇੱਕ ਪ੍ਰਮੁੱਖ ਰਣਨੀਤਕ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਆਪਣੇ ਪਹਿਲੇ ਸਾਲ ‘ਚ ਭਾਰਤ ਦੀ ਯਾਤਰਾ ਕਰਨਗੇ। ਇਹ ਦੇਸ਼ ਦੇ ਸਭ ਤੋਂ ਮਹੱਤਵਪੂਰਨ ਸਬੰਧਾਂ ਵਿੱਚੋਂ ਇੱਕ ਹੈ।
ਨੈਸ਼ਨਲ ਪਾਰਟੀ ਲੀਡਰ ਕ੍ਰਿਟੋਫਰ ਲਕਸਨ ਨੇ ਕਿਹਾ ਕਿ 1.4 ਬਿਲੀਅਨ ਤੋਂ ਵੱਧ ਲੋਕਾਂ ਦੀ ਆਬਾਦੀ ਦੇ ਨਾਲ, ਭਾਰਤ ਦੀ ਆਰਥਿਕਤਾ ‘ਚ ਪਿਛਲੇ ਸਾਲ ਲਗਭਗ 560 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਅਤੇ ਇਹ ਹੁਣ ਤੋਂ ਇੱਕ ਦਹਾਕੇ ਤੋਂ ਘੱਟ ਸਮੇਂ ‘ਚ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਰਾਹ ‘ਤੇ ਹੈ। ਭਾਰਤ 2026-27 ਵਿੱਚ ਯੂਐੱਸ 5 ਟ੍ਰਿਲੀਅਨ ਦੀ ਅਰਥਵਿਵਸਥਾ ਵੱਲ ਵਧ ਰਿਹਾ ਹੈ ਜੋ ਨਿਊਜ਼ੀਲੈਂਡ ਲਈ ਇੱਕ ਵੱਡਾ ਮੌਕਾ ਪ੍ਰਦਾਨ ਕਰਦਾ ਹੈ। ਵਿਦੇਸ਼ੀ ਪ੍ਰਤੱਖ ਨਿਵੇਸ਼, ਰੁਜ਼ਗਾਰ ਦੇ ਮੌਕੇ, ਵਿੱਦਿਅਕ ਅਦਾਨ-ਪ੍ਰਦਾਨ ਅਤੇ ਯਕੀਨੀ ਤੌਰ ‘ਤੇ ਵਪਾਰ ਦੇ ਕਈ ਖੇਤਰਾਂ ‘ਚ ਪਰਸਪਰ ਮੌਕੇ ਹਨ। ਇਹ ਮਹੱਤਵਪੂਰਨ ਹੈ ਕਿ ਨਿਊਜ਼ੀਲੈਂਡ ਇੱਕ ਛੋਟੇ ਦੇਸ਼ ਵਜੋਂ ਭੁੱਲਿਆ ਨਹੀਂ ਜਾਂਦਾ ਕਿਉਂਕਿ ਅਮਰੀਕਾ, ਆਸਟਰੇਲੀਆ, ਯੂਕੇ, ਈਯੂ, ਜਾਪਾਨ ਅਤੇ ਸਿੰਗਾਪੁਰ ਆਦਿ ਵਰਗੇ ਦੇਸ਼ ਭਾਰਤ ਨਾਲ ਰਣਨੀਤਕ ਭਾਈਵਾਲੀ ਕਰਦੇ ਹਨ। ਸੱਤਾਧਾਰੀ ਲੇਬਰ ਸਰਕਾਰ ਭਾਰਤ ਦੀ ਵਿਸ਼ਾਲ ਅਰਥਵਿਵਸਥਾ ਨੂੰ ਜੋੜਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਨੇ ਦੇਸ਼ ‘ਚ ਵੱਧ ਦੇ ਕ੍ਰਾਈਮ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਅਪਰਾਧਾਂ ‘ਤੇ ਕਾਬੂ ਪਾਉਣ ਦੇ ਨਾਲ ਅਪਰਾਧੀਆਂ ਨੂੰ ਨੱਥ ਪਾਏਗੀ, ਉਨ੍ਹਾਂ ਕੋਲ ਵੱਖ-ਵੱਖ ਉਮਰ ਵਰਗ ਦੇ ਕ੍ਰਾਈਮ ਕਰਨ ਵਾਲਿਆਂ ਲਈ ਪਲਾਨ ਹਨ।
ਪਹਿਲੇ ਸੈਸ਼ਨ ‘ਚ ਐਮਪੀ ਟ੍ਰੇਡ ਅਤੇ ਟੂਰਿਜ਼ਮ ਬਾਰੇ ਟੋਡ ਮੈਕਲੇ, ਵਿਜੇ ਗੋਇਲ, ਸਮੀਰ ਹਾਂਡਾ ਅਤੇ ਸਾਈ ਬੇਡੇਕਰ ਨੇ ਆਪਣੇ ਵਿਚਾਰ ਰੱਖੇ।
ਦੂਜੇ ਸੈਸ਼ਨ ‘ਚ ਲਾਅ ਐਂਡ ਆਰਡਰ ਤੇ ਪੁਲਿਸ ਦੇ ਸਪੋਕਸਪਰਸਨ ਐਮਪੀ ਮਾਰਕ ਮਿਸ਼ੇਲ ਵਿਗੜਦੇ ਹਾਲਤਾਂ ਬਾਰੇ ਵਿਚਾਰ ਰੱਖੇ, ਉਨ੍ਹਾਂ ਨਾਲ ਚਰਚਾ ‘ਚ ਸੰਨੀ ਕੌਸ਼ਲ ਤੇ ਨਰੇਂਦਰ ਬਾਹਨਾ ਸ਼ਾਮਲ ਸਨ।
ਐਜੂਕੇਸ਼ਨ ਬਾਰੇ ਐਮਪੀ ਏਰਿਕਾ ਸਟੈਨਫੋਰਡ ਅਤੇ ਐਮਪੀ ਪੈਨੀ ਸਿਮੰਡਸ ਦੇ ਨਾਲ ਚਰਚਾ ‘ਚ ਬ੍ਰਿਜੇਸ਼ ਸੇਠੀ, ਕ੍ਰਿਸ ਨਾਇਡੂ ਅਤੇ ਚਾਂਦ ਸਹਿਰਾਵਤ ਸ਼ਾਮਲ ਸਨ, ਇਨ੍ਹਾਂ ਸਾਰਿਆਂ ਨੇ ਵਿਚਾਰ ਰੱਖੇ।
ਇਮੀਗ੍ਰੇਸ਼ਨ ਬਾਰੇ ਐਮਪੀ ਏਰਿਕਾ ਸਟੈਨਫੋਰਡ ਨੇ ਆਪਣੇ ਪਾਰਟੀ ਦੀ ਪਾਲਿਸੀ ਬਾਰੇ ਵਿਚਾਰ ਰੱਖੇ। ਉਨ੍ਹਾਂ ਨਾਲ ਪੈਨਲ ‘ਚ ਜਸਪ੍ਰੀਤ ਸਿੰਘ, ਅਰੂਨੀਮਾ ਢੀਂਗਰਾ ਅਤੇ ਰਾਧੇ ਨੰਦ ਸ਼ਾਮਲ ਸਨ।