ਹੈਰਾਨੀਜਨਕ ਨਤੀਜਿਆਂ ‘ਚ ਸਾਲਾਨਾ ਮਹਿੰਗਾਈ ਦਰ 6.7% ਤੱਕ ਘਟੀ

ਵੈਲਿੰਗਟਨ, 20 ਅਪ੍ਰੈਲ – ਸਟੈਟਸ ਐਜਜ਼ੈੱਡ ਦੇ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਮਾਰਚ ਦੇ ਅੰਤ ਤੱਕ ਤਿੰਨ ਮਹੀਨਿਆਂ ‘ਚ ਕੀਮਤਾਂ ਵਿੱਚ ਸਿਰਫ਼ 1.2% ਵਧਣ ਤੋਂ ਬਾਅਦ, ਸਾਲਾਨਾ ਮਹਿੰਗਾਈ ਦਰ 6.7% ਤੱਕ ਡਿਗ ਗਈ ਹੈ। ਜੋ ਮਾਰਚ ਤਿਮਾਹੀ ਵਿੱਚ ਵਾਧੇ ਦੀ ਗਤੀ ‘ਚ ਇੱਕ ਹੈਰਾਨੀਜਨਕ ਗਿਰਾਵਟ ਹੈ। ਅਰਥਸ਼ਾਸਤਰੀਆਂ ਨੂੰ ਉਮੀਦ ਸੀ ਕਿ ਖਪਤਕਾਰ ਮੁੱਲ ਸੂਚਕਾਂਕ ਅੰਕੜੇ ਮਹਿੰਗਾਈ ਦਰ 6.9% ਅਤੇ 7.2% ਦੇ ਵਿਚਕਾਰ ਉੱਚੇ ਰਹਿਣ ਨੂੰ ਦਰਸਾਏਗਾ। ਪਰ ਪਰ ਮੁਦਰਾਸਫ਼ੀਤੀ ਦੀ ਦਰ ਉਮੀਦ ਨਾਲੋਂ ਘੱਟ ਆਈ ਅਤੇ ਆਸਟਰੇਲੀਆ ਤੋਂ ਵੀ ਘੱਟ (6.8% ‘ਤੇ) ਹੈ।
ਮੁਦਰਾਸਫੀਤੀ ‘ਚ ਗਿਰਾਵਟ ਆਰਥਿਕ ਭਵਿੱਖਬਾਣੀ ਕਰਨ ਵਾਲਿਆਂ ਦੀ ਉਮੀਦ ਨਾਲੋਂ ਕਿਤੇ ਵੱਧ ਸੀ ਅਤੇ ਇਹ ਸਵਾਲ ਉਠਾ ਸਕਦਾ ਹੈ ਕਿ ਕੀ ਰਿਜ਼ਰਵ ਬੈਂਕ ‘ਓਵਰਕਿੱਲ’ ‘ਚ ਸ਼ਾਮਲ ਹੋ ਸਕਦਾ ਹੈ ਜਦੋਂ ਉਸ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅਧਿਕਾਰਤ ਨਕਦ ਦਰ ਨੂੰ 50 ਅਧਾਰ ਅੰਕ (ਬੇਸਿਸ ਪੁਆਇੰਟ) ਵਧਾ ਕੇ 5.25% ਕਰ ਦਿੱਤਾ ਸੀ।
ਰਿਜ਼ਰਵ ਬੈਂਕ ਨੇ ਇਹ ਫ਼ੈਸਲਾ ਲੈਣ ਵੇਲੇ ਦਸੰਬਰ ਤਿਮਾਹੀ ‘ਚ 7.2% ਤੋਂ ਸਾਲਾਨਾ ਮਹਿੰਗਾਈ ਦਰ 7.3% ਤੱਕ ਵਧਣ ਦੀ ਉਮੀਦ ਕੀਤੀ ਸੀ। ਵੈਸਟਪੈਕ ਸਭ ਤੋਂ ਵੱਧ ਆਸ਼ਾਵਾਦੀ ਭਵਿੱਖਬਾਣੀ ਕਰ ਰਿਹਾ ਸੀ ਕਿ ਮਹਿੰਗਾਈ ਘਟ ਕੇ 6.9% ਹੋ ਜਾਵੇਗੀ। ਜਦੋਂ ਕਿ ਦੂਜੇ ਬੈਂਕਾਂ ਨੂੰ ਦਰ 7.1% ਜਾਂ 7.2% ‘ਤੇ ਜਾਣ ਦੀ ਉਮੀਦ ਸੀ।
ਗ਼ੈਰ-ਵਪਾਰਯੋਗ ਵਸਤੂਆਂ ਅਤੇ ਸੇਵਾਵਾਂ ਦੀ ਔਸਤ ਕੀਮਤ, ਜੋ ਕਿ ਉਹ ਹਨ ਜਿਨ੍ਹਾਂ ਦੀਆਂ ਕੀਮਤਾਂ ਜ਼ਿਆਦਾਤਰ ਨਿਊਜ਼ੀਲੈਂਡ ਦੇ ਅੰਦਰ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ, ਸਾਲ ਦੇ ਦੌਰਾਨ 6.8% ਵਧੀਆਂ, ਜੋ ਕਿ ਐਨਜ਼ੈੱਡ ਦੇ ਪੂਰਵ ਅਨੁਮਾਨ ਦੇ ਅਨੁਸਾਰ ਸੀ ਅਤੇ ਅੰਕੜੇ ਐਨਜ਼ੈੱਡ ਨੇ 1999 ਵਿੱਚ ਤੁਲਨਾਤਮਿਕ ਅੰਕੜੇ ਇਕੱਠੇ ਕਰਨੇ ਸ਼ੁਰੂ ਕਰਨ ਤੋਂ ਬਾਅਦ ਸਭ ਤੋਂ ਵੱਧ ਵਾਧਾ ਕੀਤਾ। ਪਰ ਵੱਡੀ ਹੈਰਾਨੀ ਵਪਾਰਯੋਗ ਜਾਂ ਆਯਾਤ ਮਹਿੰਗਾਈ ‘ਚ ਗਿਰਾਵਟ ਦਾ ਆਕਾਰ ਸੀ, ਜੋ ਦਸੰਬਰ ਵਿੱਚ 8.2% ਤੋਂ 6.4% ਤੱਕ ਕ੍ਰੈਸ਼ ਹੋ ਗਈ, ਜਿਸ ਵਿੱਚ ਤਿਮਾਹੀ ਵਾਧਾ ਸਿਰਫ਼ 0.7% ਸੀ।
ਅੱਜ ਸਟੈਟਸ ਐਨਜ਼ੈੱਡ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਮਾਰਚ 2023 ਤੱਕ 12 ਮਹੀਨਿਆਂ ‘ਚ ਖਪਤਕਾਰ ਕੀਮਤ ਸੂਚਕਾਂਕ ‘ਚ 6.7% ਦਾ ਵਾਧਾ ਹੋਇਆ ਹੈ। ਦਸੰਬਰ 2022 ਤੱਕ 12 ਮਹੀਨਿਆਂ ‘ਚ 7.2% ਵਾਧੇ ਤੋਂ ਬਾਅਦ 6.7% ਵਾਧਾ ਹੋਇਆ। ਪਰ ਦਰ ‘ਚ ਕਮੀ ਦੇ ਬਾਵਜੂਦ ਮਹਿੰਗਾਈ ਅਜੇ ਵੀ ਉੱਚੀ ਹੈ। ਕੀਮਤਾਂ ਦਾ ਦਬਾਅ ਸਿਖਰ ‘ਤੇ ਜਾਪਦਾ ਹੈ ਅਤੇ ਓਸੀਆਰ ਫ਼ੈਸਲਿਆਂ ਦੇ ਅਗਲੇ ਦੌਰ ‘ਚ ਰਿਜ਼ਰਵ ਬੈਂਕ ਨੂੰ ਵਿਆਜ ਦਰਾਂ ਨੂੰ ਇੰਨੀ ਹਮਲਾਵਰ ਢੰਗ ਨਾਲ ਵਧਾਉਣਾ ਨਹੀਂ ਪੈ ਸਕਦਾ ਹੈ।