ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣਗੀਆਂ ਖਾਪਾਂ, ਮੁਜ਼ੱਫਰਨਗਰ ਮਹਾਪੰਚਾਇਤ ਦੌਰਾਨ ਲਿਆ ਗਿਆ ਫ਼ੈਸਲਾ

ਮੁਜ਼ੱਫਰਨਗਰ, 1 ਜੂਨ – ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਖਾਪਾਂ ਦਾ ਇਕ ਵਫ਼ਦ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲੇਗਾ। ਭਾਰਤੀ ਕਿਸਾਨ ਯੂਨੀਅਨ ਆਗੂ ਨਰੇਸ਼ ਟਿਕੈਤ ਵੱਲੋਂ ਇਥੇ ਸੱਦੀ ਗਈ ਮਹਾਪੰਚਾਇਤ ਦੌਰਾਨ ਇਹ ਫ਼ੈਸਲਾ ਲਿਆ ਗਿਆ। ਨਰੇਸ਼ ਟਿਕੈਤ ਖੁਦ ਬਲਿਆਨ ਖਾਪ ਦੇ ਮੁਖੀ ਵੀ ਹਨ। ਮਹਾਪੰਚਾਇਤ ’ਚ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਅਤੇ ਦਿੱਲੀ ਦੇ ਖਾਪ ਆਗੂਆਂ ਨੇ ਹਾਜ਼ਰੀ ਭਰੀ। ਮਹਾਪੰਚਾਇਤ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਖਾਪਾਂ ਦੀ ਭਲਕੇ ਸ਼ੁੱਕਰਵਾਰ ਨੂੰ ਕੁਰੂਕਸ਼ੇਤਰ ’ਚ ਮੀਟਿੰਗ ਹੋਵੇਗੀ ਜਿਸ ’ਚ ਹੋਰ ਫ਼ੈਸਲੇ ਵੀ ਲਏ ਜਾਣਗੇ। ਉਨ੍ਹਾਂ ਕਿਹਾ,‘‘ਪਹਿਲਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਖਾਪਾਂ ਦੇ ਨੁਮਾਇੰਦੇ ਰਾਸ਼ਟਰਪਤੀ ਅਤੇ ਸਰਕਾਰ ਨੂੰ ਮਿਲਣਗੇ। ਜਦੋਂ ਤੱਕ ਪਹਿਲਵਾਨਾਂ ਨੂੰ ਨਿਆਂ ਨਹੀਂ ਮਿਲ ਜਾਂਦਾ ਸਾਡਾ ਸੰਘਰਸ਼ ਜਾਰੀ ਰਹੇਗਾ।’’
ਟਿਕੈਤ ਨੇ ਕਿਹਾ ਕਿ ਜੇਕਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਕੋਈ ਫ਼ੈਸਲਾ ਨਾ ਲਿਆ ਗਿਆ ਤਾਂ ਉਹ ਅਗਲਾ ਕਦਮ ਚੁੱਕਣਗੇ। ਉਂਜ ਉਨ੍ਹਾਂ ਅਗਲੀ ਰਣਨੀਤੀ ਦਾ ਖ਼ੁਲਾਸਾ ਨਹੀਂ ਕੀਤਾ। ਉਨ੍ਹਾਂ ਇਹ ਵੀ ਨਹੀਂ ਦੱਸਿਆ ਕਿ ਰਾਸ਼ਟਰਪਤੀ ਨਾਲ ਕਦੋਂ ਮੁਲਾਕਾਤ ਕੀਤੀ ਜਾਵੇਗੀ। ਮੀਡੀਆ ’ਚ ਬ੍ਰਿਜ ਭੂਸ਼ਣ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਬਾਰੇ ਪੁੱਛੇ ਜਾਣ ’ਤੇ ਰਾਕੇਸ਼ ਟਿਕੈਤ ਨੇ ਕਿਹਾ,‘‘ਜਿਸ ਵਿਅਕਤੀ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਹੈ, ਉਸ ਨੂੰ ਬੋਲਣ ਦੀ ਖੁੱਲ੍ਹ ਦਿੱਤੀ ਗਈ ਹੈ ਜਦਕਿ ਸਰਕਾਰ ਖੁਦ ਕੁਝ ਵੀ ਨਹੀਂ ਬੋਲ ਰਹੀ ਹੈ।’’ ਦਿੱਲੀ ਦੇ ਜੰਤਰ-ਮੰਤਰ ’ਤੇ ਪੁਲੀਸ ਵੱਲੋਂ ਜਬਰੀ ਹਟਾਏ ਜਾਣ ਮਗਰੋਂ ਪਹਿਲਵਾਨਾਂ ਨੇ ਹਰਿਦੁਆਰ ’ਚ ਹਰ ਕੀ ਪੌੜੀ ’ਤੇ ਆਪਣੇ ਤਗਮੇ ਗੰਗਾ ’ਚ ਪ੍ਰਵਾਹ ਕਰਨ ਦਾ ਫ਼ੈਸਲਾ ਲਿਆ ਸੀ ਪਰ ਖਾਪ ਪੰਚਾਇਤਾਂ ਅਤੇ ਕਿਸਾਨ ਆਗੂਆਂ ਵੱਲੋਂ ਸਰਕਾਰ ਨੂੰ ਪੰਜ ਦਿਨਾਂ ਦਾ ਅਲਟੀਮੇਟਮ ਦਿੱਤੇ ਜਾਣ ਮਗਰੋਂ ਉਹ ਮੈਡਲ ਪ੍ਰਵਾਹ ਕੀਤੇ ਬਿਨ੍ਹਾਂ ਘਰਾਂ ਨੂੰ ਪਰਤ ਆਏ ਸਨ।