ਪੰਜਾਬੀ ਅਮਰੀਕਨ ਫੈਸਟੀਵਲ ਯੂਬਾ ਸਿਟੀ ਦੇ ਮੇਲੇ ਚ ਵੱਖ ਵੱਖ ਸਭਿਆਚਾਰਕ ਆਈਟਮਾਂ ਨੇ ਰੰਗ ਵਖੇਰੇ

ਖੇਤੀ ਵਿਗਿਆਨੀ ਗੁਰਦੇਵ ਸਿੰਘ ਖੁਸ਼ ਦਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ
ਯੂਬਾ ਸਿਟੀ, 1 ਜੂਨ (ਹੁਸਨ ਲੜੋਆ ਬੰਗਾ ) – ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਯੂਬਾ ਸਿਟੀ ਵਿੱਚ 27ਵਾਂ ਪੰਜਾਬੀ ਅਮੈਰੀਕਨ ਹੈਰੀਟੇਜ ਸੁਸਾਇਟੀ ਵਲੋਂ ਕਰਵਾਇਆ ਗਿਆ ਪੰਜਾਬੀ ਅਮਰੀਕਨ ਫੈਸਟੀਵਲ ਚ ਜਿੱਥੇ ਗਿੱਧੇ ਭੰਗੜੇ, ਗੀਤ-ਸੰਗੀਤ, ਕਾਮੇਡੀ-ਸਕਿੱਟਾਂ ਦਿਖਾਈਆਂ ਉਥੇ ਹੀ ਕਰਾਫਟਸ, ਬੱਚਿਆਂ ਦੀਆਂ ਖੇਡਾਂ ਅਤੇ ਪੰਜਾਬੀ ਪਕਵਾਨ,ਮਹਿੰਦੀ ਦੇ ਗਹਿਣੇ ਅਤੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲਿਆ। ਪੰਜਾਬੀ ਅਮੈਰੀਕਨ ਹੈਰੀਟੇਜ ਸੁਸਾਇਟੀ ਦੀ ਸਥਾਪਨਾ 1993 ਵਿਚ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਮਨੋਰਥ ਨਾਲ ਕੀਤੀ ਗਈ ਸੀ। ਇਸ ਮੇਲੇ ਵਿਚ ਹੁਣ ਤਕ ਸੈਂਕੜੇ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰ ਚੁੱਕੇ ਹਨ। ਇਸ ਵੇਰਾਂ ਵੀ ਪ੍ਰੋਗਰਾਮ ਦਾ ਅਗਾਜ ਸ਼ਬਦ ਨਾਲ ਕੀਤਾ ਗਿਆ । ਇਸ ਤੋਂ ਬਾਅਦ ਵੱਖ ਵੱਖ ਸਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਨਾਂ ਚ ਯਾਰ ਅਣਮੁੱਲੇ , ਗੱਭਰੂ ਪੰਜਾਬ, ਰੋਜ਼ਵਿਲ ਤੋਂ ਹੀਰ ਸਲੇਟੀਆਂ, ਨੱਚਦੀ ਜਵਾਨੀ, ਨੱਚ ਦੀਆਂ ਕਲੀਆਂ, ਸਾਡਾ ਵਿਰਸਾ, ਰੰਗਲਾ ਪੰਜਾਬ, ਰੌਣਕ ਪੰਜਾਬ ਦੀ, ਨੱਚਦਾ ਸੰਸਾਰ, ਪੰਜਾਬੀ ਮੁਟਿਆਰਾਂ ,ਗਿੱਧਾ ਮੁਟਿਆਰਾਂ ਦਾ, ਖੱਟੀਆਂ ਮਿੱਠੀਆਂ ਜਸਵੀਰ ਐਸ ਗਿੱਲ ਅਤੇ ਰੂਬੀ ਦਿਓਲ ਆਦਿ ਨੇ ਵੱਖ ਵੱਖ ਰੰਗ ਪੇਸ਼ ਕੀਤੇ। ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਅਤੇ ਜੈਨੇਟਿਕਸਿਸਟ ਪ੍ਰੋਫੈਸਰ ਗੁਰਦੇਵ ਸਿੰਘ ਖੁਸ਼ 87, ਇਸ ਪੰਜਾਬੀ ਅਮਰੀਕਨ ਫੈਸਟੀਵਲ ਦੇ ਮੁੱਖ ਮਹਿਮਾਨ ਵਜੋਂ ਹਾਜਿਰ ਸਨ। ਗੁਰਦੇਵ ਸਿੰਘ ਖੁਸ਼ ਜਿਨਾਂ ਨੂੰ ਹਰੀ ਕ੍ਰਾਂਤੀ ਦੇ ਮੋਢੀ ਮੰਨਿਆ ਜਾਂਦਾ ਹੈ ਉਸਨੇ ਚਾਵਲ ਦੀਆਂ ਕਈ ਕਿਸਮਾਂ ਦੀ ਕਾਢ ਕੱਢੀ। ਪੰਜਾਬੀ ਅਮਰੀਕਨ ਫੈਸਟੀਵਲ ਵਿੱਚ ਹੈਰੀਟੇਜ ਸੁਸਾਇਟੀ ਵੱਲੋਂ ਉਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਦਾਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਟੇਜ ਸੰਚਾਲਨਾ ਜੋਤ ਰਣਜੀਤ ਨੇ ਸਟੇਜ ਦੇ ਬਰਾਬਰ ਦੀ ਹੋ ਕੇ ਨਿਭਾਈ ਤੇ ਹਰਜੀਤ ਉਪਲ ਨੇ ਵੀ ਨਿਜੀੱ ਵਰਤਾਰੇ ਦੇ ਟੋਟਕਿਆਂ ਨਾਲ ਬੀਬੀਆਂ ਨੂੰ ਸਟੇਜ ਨਾਲ ਜੋੜੀ ਰੱਖਿਆ। ਪ੍ਰੋਗਾਮ ਦੇ ਅਖੀਰ ਵਿੱਚ ਪਾਕਿਸਾਨੀ ਗਾਇਕ ਹੁਸੈਨ ਜਵੇਦ ਨੇ ਕੁਝ ਸੂਫੀ ਤੇ ਕੁਝ ਪੰਜਾਬੀ ਫੋਕ ਗਾ ਕੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਮੰਨ ਜਿੱਤਿਆ। ਦੂਸਰੇ ਪਾਸੇ ਉਸ ਵੇਲੇ ਕੋਈ ਕਸਰ ਨਾ ਰਹੀ ਜਦੋਂ ਹੈਰੀਟੇਜ ਸੋਸਾਇਟੀ ਵਲੋਂ ਮਹਿੰਗੇ ਭਾਅ ਲਿਆਂਦੀ ਜੈਸਮੀਨ ਸੈਂਡਲਸ ਨੇ ਸੀ ਡੀ ਲਾ ਕੇ ਗਾਇਆ ਪਰ ਫਿਰ ਵੀ ਗੱਲ ਨਹੀਂ ਬਣੀ। ਸਟੇਜ ਉਸਦੇ ਹੱਥੋਂ ਉਦੋਂ ਨਿਕਲ ਗਈ ਜਦੋਂ ਸਟੇਜ ਦੀ ਸ਼ੁਰੂਆਤ ਵਿੱਚ ਹੀ ਸਟੇਜ ਦੇ ਅੱਗੇ ਬੈਠੀਆਂ ਉਸਦੀਆਂ ਕੁਝ ਫੈਨ ਕੁੜੀਆਂ ਨੂੰ ਸਟੇਜ ਤੇ ਭੰਗੜੇ ਲਈ ਸੱਦ ਲਿਆ ਤੇ ਬਾਅਦ ਚ ਸਲੋਅ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਤੇ ਫਿਰ ਉਹ ਸਟੇਜ ਤੇ ਆਪਣਾ ਪ੍ਰਭਾਵ ਨਹੀਂ ਦੇ ਸਕੀ। ਉਸਨੇ ਸਟੇਜ ਤੋਂ ਗੱਲਾਂ ਜਿਆਦਾ ਤੇ ਗੀਤ ਘੱਟ ਗਾਏ। ਉਸ ਵੇਲੇ ਹੱਦ ਨਹੀ ਰਹੀ ਜਦੋਂ ਸਟੇਜ ਅੱਗੇ ਬੈਠੀਆਂ ਬੱਚੀਆਂ ਨੂੰ ਪੁਛਿਆ ਕੇ “ਦਾਰੂ ਕਿਸਨੇ ਕਿਸਨੇ ਪੀਤੀ ਅੱਜ” ਤੇ ਕਿਹਾ ਮੈਂ ਤਾਂ ਦੋ ਪੈਗ ਪੀ ਕੇ ਆਈ ਹਾਂ। ਇਸ ਗੱਲ ਪ੍ਰਤੀ ਬਹੁਤੇ ਸਰੋਤਿਆਂ ਨੇ ਬੁਰਾ ਮਨਾਇਆ। ਲਾਲ ਰੰਗ ਚ ਰੰਗੇ ਹੋਏ ਵਾਲਾਂ ਵਾਲੀ ਜੈਸਮੀਨ ਸੈਂਡਲਸ ਜਦੋਂ ਸਟੇਜ ਤੇ ਆਈ ਤਾਂ ਲੋਕਾਂ ਨੂੰ ਲੱਗਿਆ ਕਿ ਕੁਝ ਸਭਿਆਚਾਰਕ ਗਾਵੇਗੀ ਪਰ ਇੱਕ ਵੀ ਗੀਤ ਸਭਿਅਕ ਨਹੀਂ ਗਾਇਆ ਜੇ ਗਾਇਆ ਵੀ ਉਹ ਵੀ ਪੁਰਾਣੇ ਪੰਜਾਬੀ ਗਾਇਕਾਵਾਂ ਦੇ। ਇੱਕ ਫੁਕਰਾ ਅਖੋਤੀ ਵੱਡਾ ਪ੍ਰਮੋਟਰ ਵੀ ਉਸਦਾ ਬਾਡੀ ਗਾਰਡ ਬਣ ਕੇ ਉਸਦੇ ਅੱਗੇ ਪਿਛੇ ਰਿਹਾ ਜੋ ਉਸਨੂੰ ਪ੍ਰਬੰਧਕਾਂ ਨੂੰ ਵੀ ਮਿਲਣ ਨਹੀਂ ਸੀ ਦੇ ਰਿਹਾ। ਪਰ ਜਸਮੀਨ ਸੈਂਡਲਸ ਨੇ ਇਕ ਗੱਲ ਸੱਚੀ ਕਹਿ ਦਿੱਤੀ ਕਿ “ਮੈਂ ਤਾਂ ਫੁਕਰੀ ਮਾਰਦੀ ਹਾਂ”। ਜੈਸਮੀਨ ਨੂੰ ਇਹੋ ਜਿਹੀ ਅਸੱਭਿਅਕ ਭਾਸ਼ਾ ਤੇ ਗਾਇਕੀ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਤੇ ਪੰਜਾਬੀ ਅਮੈਰੀਕਨ ਹੈਰੀਟੇਜ ਸੁਸਾਇਟੀ ਨੂੰ ਇਹੋ ਜਿਹੇ ਕਲਾਕਾਰ ਨੂੰ ਸੱਦ ਕਿ ਆਪਣੇ ਮਨੋਰਥ ਤੋਂ ਭਟਕਣਾ ਨਹੀਂ ਚਾਹੀਦਾ।