ਭਾਰਤ ‘ਚ ਕੁੱਝ ਲੋਕ ਹਨ, ਜੋ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਸਭ ਕੁੱਝ ਪਤਾ ਹੈ ਤੇ ਪ੍ਰਧਾਨ ਮੰਤਰੀ ਨੂੰ ਰੱਬ ਨਾਲੋਂ ਵੱਧ ਜਾਣਕਾਰੀ – ਰਾਹੁਲ ਗਾਂਧੀ

ਸਾਂਟਾ ਕਲਾਰਾ(ਅਮਰੀਕਾ), 31 ਮਈ – ਇੱਥੇ ਕੈਲੀਫੋਰਨੀਆ ਸੂਬੇ ਦੇ ਸਾਂਟਾ ਕਲਾਰਾ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਯੂਐੱਸਏ ਵੱਲੋਂ ‘ਮੁਹੱਬਤ ਕੀ ਦੁਕਾਨ’ ਨਾਂ ਹੇਠ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਕੁੱਝ ਲੋਕ ਹਨ, ਜੋ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਰੱਬ ਨਾਲੋਂ ਵੱਧ ਜਾਣਕਾਰੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਵਿੱਚੋਂ ਇਕ ਹਨ। ਰਾਹੁਲ ਗਾਂਧੀ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ। ਕਾਂਗਰਸੀ ਆਗੂ ਨੇ ਕਿਹਾ ਕਿ ਕੁੱਝ ਲੋਕ ਸੋਚਦੇ ਹਨ ਕਿ ਉਹ ਰੱਬ ਤੋਂ ਵੱਧ ਜਾਣਦੇ ਹਨ। ਲੋਕ ਸਮਝਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਸਭ ਜਾਣਦੇ ਹਨ। ਰਾਹੁਲ ਨੇ ਕਿਹਾ ਕਿ ਜੇਕਰ ਤੁਸੀਂ ਮੋਦੀ ਜੀ ਨੂੰ ਭਗਵਾਨ ਦੇ ਕੋਲ ਬਿਠਾਓ ਤਾਂ ਉਹ ਭਗਵਾਨ ਨੂੰ ਵੀ ਸਮਝਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮੋਦੀ ਜੀ ਨੂੰ ਭਗਵਾਨ ਦੇ ਕੋਲ ਬਿਠਾਉਂਦੇ ਹੋ ਤਾਂ ਉਹ ਬ੍ਰਹਿਮੰਡ ਨੂੰ ਵੀ ਭਗਵਾਨ ਸਮਝਾ ਸਕਦੇ ਹਨ। ਰਾਹੁਲ ਨੇ ਕਿਹਾ ਕਿ ਦੇਸ਼ ‘ਚ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਫਰਤ ਖਿਲਾਫ ਭਾਰਤ ਜੋੜੋ ਯਾਤਰਾ ਕੱਢੀ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਸਾਡੀ ਭਾਰਤ ਜੋੜੋ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸੀ ਆਗੂ ਨੇ ਕਿਹਾ ਕਿ ਅਸੀਂ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹੀ ਹੋਈ ਹੈ।
ਰਾਹੁਲ ਗਾਂਧੀ ਨੇ ਕਿਹਾ ਇਨ੍ਹਾਂ ਲੋਕਾਂ ਨੂੰ ‘ਪੂਰਾ ਯਕੀਨ’ ਹੈ ਕਿ ਉਨ੍ਹਾਂ ਨੂੰ ਸਭ ਕੁੱਝ ਪਤਾ ਹੈ ਅਤੇ ਉਹ ਇਤਿਹਾਸਕਾਰਾਂ ਨੂੰ ਇਤਿਹਾਸ, ਵਿਗਿਆਨੀਆਂ ਨੂੰ ਵਿਗਿਆਨ ਤੇ ਫੌਜ ਨੂੰ ਜੰਗ ਬਾਰੇ ਵਿਸਥਾਰ ਨਾਲ ਸਮਝਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰਾਂ ਦਾ ‘ਸਹੀ ਢੰਗ ਨਾਲ ਇਕਜੁੱਟ’ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸੱਤਾਧਾਰੀ ਭਾਜਪਾ ’ਤੇ ਲੋਕਾਂ ਨੂੰ ‘ਧਮਕਾਉਣ’ ਅਤੇ ਦੇਸ਼ ਦੀਆਂ ਏਜੰਸੀਆਂ ਦੀ ‘ਦੁਰਵਰਤੋਂ’ ਕਰਨ ਦੇ ਦੋਸ਼ ਵੀ ਲਾਏ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਭਾਰਤ ਵਿੱਚ ਰਾਜਨੀਤੀ ਦੇ ਸਾਰੇ ਸਾਧਨਾਂ ਨੂੰ ਕੰਟਰੋਲ ਕਰ ਰਹੇ ਹਨ। ਇਸ ਦੌਰਾਨ ਸਮਾਗਮ ਵਿੱਚ ਮੌਜੂਦ ਕੁਝ ਖਾਲਿਸਤਾਨੀ ਸਮਰਥਕਾਂ ਨੇ 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਰਾਹੁਲ ਗਾਂਧੀ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਆਪਣੀ ਤਕਰੀਰ ਕੁਝ ਦੇਰ ਲਈ ਰੋਕਣੀ ਪਈ। ਰਾਹੁਲ ਗਾਂਧੀ ਨੇ ਕਿਹਾ, ‘‘ਕਿਸੇ ਵਿਅਕਤੀ ਨੂੰ ਸਭ ਕੁਝ ਜਾਣਨ ਲਈ ਇਹ ਦੁਨੀਆ ਬਹੁਤ ਵੱਡੀ ਤੇ ਗੁੰਝਲਦਾਰ ਹੈ। ਇਹੀ ਤਾਂ ਭਾਰਤ ਵਿੱਚ ਲੋਕਾਂ ਦਾ ਇਕ ਸਮੂਹ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਹ ਸਭ ਕੁਝ ਜਾਣਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਤਾਂ ਰੱਬ ਨਾਲੋਂ ਵੀ ਵੱਧ ਜਾਣਦੇ ਹਨ।’’ ਸਮਾਗਮ ਵਿੱਚ ਮੌਜੂਦ ਸੈਂਕੜੇ ਭਾਰਤੀ ਅਮਰੀਕੀ ਹਮਾਇਤੀਆਂ ਦੇ ਹਾਸੇ ਦਰਮਿਆਨ ਗਾਂਧੀ ਨੇ ਕਿਹਾ, ‘‘ਉਹ ਰੱਬ ਨਾਲ ਬਹਿ ਕੇ ਉਸ ਨੂੰ ਦੱਸ ਸਕਦੇ ਹਨ ਕਿ ਕੀ ਚੱਲ ਰਿਹਾ ਹੈ। ਅਤੇ ਸਾਡੇ ਪ੍ਰਧਾਨ ਮੰਤਰੀ ਵੀ ਇਨ੍ਹਾਂ ਵਿਚੋਂ ਇਕ ਹਨ। ਜੇਕਰ ਤੁਸੀਂ ਮੋਦੀ ਜੀ ਨੂੰ ਰੱਬ ਨਾਲ ਬਿਠਾ ਦਿਓ, ਉਹ ਰੱਬ ਨੂੰ ਦੱਸਣਗੇ ਕਿ ਇਹ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ ਤੇ ਰੱਬ ਆਪਣੀ ਹੀ ਸਿਰਜਣਾ ਨੂੰ ਲੈ ਕੇ ਦੁਚਿੱਤੀ ਵਿੱਚ ਪੈ ਜਾਵੇਗਾ।’’ ਕਾਂਗਰਸ ਆਗੂ ਨੇ ਕਿਹਾ, ‘‘ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਤਿਹਾਸਕਾਰਾਂ ਨੂੰ ਇਤਿਹਾਸ, ਵਿਗਿਆਨੀਆਂ ਨੂੰ ਵਿਗਿਆਨ ਤੇ ਫੌਜ ਨੂੰ ਜੰਗ ਬਾਰੇ ਤਫ਼ਸੀਲ ’ਚ ਸਮਝਾ ਸਕਦੇ ਹਨ। ਪਰ ਇਸ ਦਾ ਸਾਰ ਤੱਤ ਬੜਾ ਸਾਧਾਰਨ ਹੈ। ਉਹ ਸੁਣਨ ਲਈ ਤਿਆਰ ਨਹੀਂ ਹਨ!’’ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜ਼ੀਆਂ ਨੇ ਕਿਹਾ ਕਿ ਸਮਾਗਮ ਵਿੱਚ ਸਿਲੀਕਾਨ ਵੈਲੀ ਤੋਂ ਇਲਾਵਾ ਲਾਸ ਏਂਜਲਸ ਤੇ ਕੈਨੇਡਾ ਤੋਂ ਵੀ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਏ। ਗਾਂਧੀ ਨੇ ਕਿਹਾ ਕਿ ਭਾਰਤ ਦੀ ਵਿਚਾਰਧਾਰਾ ਹਮਲੇ ਅਧੀਨ ਹੈ ਤੇ ਇਸ ਨੂੰ ਲਗਾਤਾਰ ਚੁਣੌਤੀ ਦਿੱਤੀ ਜਾ ਰਹੀ ਹੈ। ਸੇਂਗੋਲ ਵਿਵਾਦ ਦੀ ਗੱਲ ਕਰਦਿਆਂ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਬੇਰੁਜ਼ਗਾਰੀ, ਮਹਿੰਗਾਈ ਤੇ ਗੁੱਸੇ ਤੇ ਨਫ਼ਰਤ ਦੇ ਫੈਲਾਅ ਜਿਹੇ ਮੁੱਦਿਆਂ ਨੂੰ ਮੁਖਾਤਿਬ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਗਰੀਬ ਤੇ ਘੱਟਗਿਣਤੀ ਭਾਈਚਾਰੇ ਦੇ ਲੋਕ ਅੱਜ ਭਾਰਤ ਵਿੱਚ ਬੇਸਹਾਰਾ ਮਹਿਸੂਸ ਕਰ ਰਹੇ ਹਨ। ਗਾਂਧੀ ਨੇ ਕਿਹਾ, ‘‘ਭਾਰਤੀ ਇਕ ਦੂਜੇ ਨਾਲ ਨਫ਼ਰਤ ਕਰਨ ਵਿੱਚ ਯਕੀਨ ਨਹੀਂ ਰੱਖਦੇ। ਲੋਕਾਂ ਦਾ ਇਕ ਛੋਟਾ ਸਮੂਹ, ਜੋ ਸਿਸਟਮ ਨੂੰ ਕੰਟਰੋਲ ਕਰ ਰਿਹੈ ਅਤੇ ਮੀਡੀਆ ਨਫ਼ਰਤ ਦੀ ਅੱਗ ਨੂੰ ਹਵਾ ਦੇ ਰਿਹੈ।’’ ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਪਰਸਨ ਸੈਮ ਪਿਤਰੋਦਾ ਨੇ ਕਿਹਾ ਕਿ ਦੇਸ਼ ਨੂੰ ਅਗਵਾਈ ਦੇਣ ਲਈ ਗਾਂਧੀ ਜਿਹੀ ‘ਨੌਜਵਾਨ ਵਿਚਾਰਧਾਰਾ’ ਦੀ ਲੋੜ ਹੈ।ਸਾਂਟਾ ਕਰੂਜ਼ ਵਿੱਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਸਿਲੀਕਾਨ ਕੈਂਪਸ ਵਿੱਚ ਸੰਚਾਲਕ ਤੇ ਹਾਜ਼ਰੀਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਗਾਂਧੀ ਨੇ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਸਹੀ ਤਰੀਕੇ ਨਾਲ ਇਕਜੁੱਟ ਹੋਣ ਤਾਂ ਸੱਤਾਧਾਰੀ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਾਂਗਰਸ ਨੂੰ ਕਰਨਾਟਕ ਅਸੈਂਬਲੀ ਚੋਣਾਂ ਵਿੱਚ ਮਿਲੀ ਜਿੱਤ ਦੇ ਹਵਾਲੇ ਨਾਲ ਕਿਹਾ ਕਿ ਪਾਰਟੀ ਨੇ ਉਥੇ ਚੋਣਾਂ ਲੜਨ ਲਈ ਬਿਲੁਕਲ ਵੱਖਰੀ ਪਹੁੰਚ ਅਪਣਾਈ ਤੇ ਇਕ ਬਿਰਤਾਂਤ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਕਰਨਾਟਕ ਚੋਣਾਂ ਦੌਰਾਨ ਭਾਜਪਾ ਨੇ ਕਾਂਗਰਸ ਪਾਰਟੀ ਨਾਲੋਂ ਦਸ ਗੁਣਾਂ ਵੱਧ ਪੈਸਾ ਖਰਚਿਆ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਬਦਲਵੀਂ ਨਜ਼ਰ ਦੀ ਲੋੜ ਹੈ ਤੇ ਭਾਰਤ ਜੋੜੋ ਯਾਤਰਾ ਇਸ ਦਿਸ਼ਾ ’ਚ ਪਹਿਲਾ ਕਦਮ ਸੀ। ਉਨ੍ਹਾਂ ਕਿਹਾ ਕਿ ਸਾਡੇ ਅਧਿਆਤਮਕ ਗੁਰੂਆਂ- ਗੁਰੂ ਨਾਨਕ ਦੇਵ ਜੀ, ਗੁਰੂ ਬਾਸਵੰਨਾ ਜੀ, ਨਰਾਇਣ ਗੁਰੂ ਜੀ…ਵਾਂਗ ਦੇਸ਼ ਨੂੰ ਇਕਜੁੱਟ ਕਰਨ ਦੀ ਲੋੜ ਹੈ।