ਪਹਿਲੀਆਂ ਐਨਜ਼ੈੱਡ ਸਿੱਖ ਖੇਡਾਂ ਦਾ ਹੋਇਆ ਉਦਘਾਟਨ ਤੇ ਲੱਗੀਆਂ ਰੌਣਕਾਂ

ਟਾਕਾਨੀਨੀ, 1 ਦਸੰਬਰ – ਇੱਥੋਂ ਦੇ ਪੁਲਮਨ ਪਾਰਕ, ਟਾਕਾਨੀਨੀ ਵਿਖੇ 30 ਨਵੰਬਰ ਤੋਂ 1 ਦਸੰਬਰ ਤੱਕ ਹੋਣ ਵਾਲੀਆਂ ਪਹਿਲੀਆਂ ਸਿੱਖ ਖੇਡਾਂ ਦਾ ਉਦਘਾਟਨ ਕੀਤਾ ਗਿਆ, ਪਰ ਕਈ ਖੇਡਾਂ ਦੀ ਸ਼ੁਰੂਆਤ ਪਹਿਲਾਂ ਹੀ ਸਵੇਰੇ ਹੋ ਗਈ ਸੀ। ਖੇਡਾਂ ਦੇ ਰਸੀ ਉਦਘਾਟਨ ਤੋਂ ਪਹਿਲਾਂ ਗੁਰਬਾਣੀ ਦੇ ਸ਼ਬਦ ਦਾ ਗਾਇਆ ਗਿਆ ਅਤੇ ਗਤਕੇ ਦੇ ਜੌਹਰ ਵਿਖਾਏ ਗਏ। ਗੌਰਿਆਂ ਦੇ ਬੈਗਪਾਈਪਰ ਬੈਂਡ ਦੀ ਅਗਵਾਈ ਵਿੱਚ ਦੇਸ਼ ਤੇ ਵਿਦੇਸ਼ੀ ਦੇ ਵੱਖ-ਵੱਖ ਕਲੱਬਾਂ ਅਤੇ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ।
ਉਦਘਾਟਨੀ ਸਮਾਰੋਹ ਦੇ ਵਿੱਚ ਦੇਸ਼ ਦੀ ਏਥਨਿਕ ਮਾਮਲਿਆਂ ਬਾਰੇ ਮੰਤਰੀ ਜੈਨੀ ਸਾਲੇਸਾ, ਸਥਾਨਕ ਸੰਸਦ ਮੈਂਬਰ ਜੂਠਿਤ ਕੌਲਿਨਜ, ਪ੍ਰਿਅੰਕਾ ਰਾਧਾਕ੍ਰਿਸ਼ਨਨ, ਕੌਂਸਲਰ ਡੇਨੀਅਲ ਨਿਊਮੈਨ, ਭਾਰਤੀ ਕੌਂਸਲੇਟ ਸ੍ਰੀ ਭਵ ਢਿੱਲੋਂ, ਪੁਲਮਨ ਪਾਰਕ ਦੇ ਅਧਿਕਾਰੀ ਅਤੇ ਕਮਿਊਨਿਟੀ ਤੋਂ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਿਲ ਹੋਏ। ਏਥਨਿਕ ਮੰਤਰੀ ਨੇ ਰੀਬਨ ਕੱਟ ਕੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਨਿਊਜ਼ੀਲੈਂਡ ਤੇ ਭਾਰਤ ਦੇ ਰਾਸ਼ਟਰੀ ਗੀਤ ਵੀ ਗਾਏ ਗਏ।
ਉਦਘਾਟਨ ਤੋਂ ਬਾਅਦ ਸਟੇਜ ਤੋਂ ਸਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਹੋਇਆ ਅਤੇ ਭੰਗੜੇ ਤੇ ਗਿੱਧੇ ਦੀਆਂ ਪੇਸ਼ਕਾਰੀਆਂ ਆਰੰਭ ਹੋ ਗਈਆਂ ਤੇ ਖੇਡਾਂ ਦੇ ਵੱਖ-ਵੱਖ ਮੈਦਾਨਾਂ ਵਿੱਚ ਕਬੱਡੀ, ਫੁੱਟਬਾਲ, ਹਾਕੀ, ਐਥਲੈਟਿਕਸ, ਵਾਲੀਬਾਲ, ਨੈੱਟਬਾਲ, ਗੌਲਫ਼ ਆਦਿ ਦੇ ਮੈਚ ਹੋਏ। ਇਨ੍ਹਾਂ ਖੇਡਾਂ ਦੀ ਕਵਰੇਜ ਲਈ ਦੇਸ਼ ਤੇ ਵਿਦੇਸ਼ਾਂ ਤੋਂ ਮੀਡੀਆ ਕਰਮੀ ਪਹੁੰਚੇ ਹੋਏ ਹਨ, ਜਿਨ੍ਹਾਂ ਵਿੱਚ ਅਦਾਰਾ ਕੂਕ ਪੰਜਾਬੀ ਸਮਾਚਾਰ, ਪੰਜਾਬੀ ਹੈਰਲਡ, ਰੇਡੀਓ ਸਪਾਈਸ ਦੀ ਸਮੁੱਚੀ ਟੀਮ, ਰੇਡੀਓ ਸਾਡੇ ਆਲਾ ਦੀ ਟੀਮ, ਰੋਜ਼ਾਨਾ ਅਜੀਤ, ਜੱਗਬਾਣੀ ਆਸਟਰੇਲੀਆ ਅਤੇ ਜੱਗਬਾਣੀ, ਪ੍ਰਾਈਮ ਏਸ਼ੀਆ ਟੀ.ਵੀ. ਜੱਗ ਬਾਣੀ ਟੀ.ਵੀ., ਪੰਜਆਬ ਟੀ.ਵੀ., 4 ਈ.ਬੀ. ਰੇਡੀਓ ਆਸਟਰੇਲੀਆ, ਰੇਡੀਓ ਹਾਂਜੀ, ਰੇਡੀਓ ਹਰਮਨ ਅਤੇ ਹੋਰ ਬਹੁਤ ਪੱਤਰਕਾਰ ਹਾਜ਼ਰ ਸਨ, ਜਿਨ੍ਹਾਂ ਨੇ ਆਪਣੇ ਕੈਮਰਿਆਂ ਦੀ ਅੱਖ ਰਾਹੀ ਫ਼ੋਟੋਆਂ ਖਿੱਚਿਆਂ ਅਤੇ ਵੀਡੀਉਜ਼ ਬਣਾਈਆਂ ਤੇ ਕਈਆਂ ਨੇ ਲਾਈਵ ਵੀ ਕੀਤੀਆਂ। ਇਸ ਮੌਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਗਈ ਹੈ।
ਬੱਚਿਆਂ ਦੇ ਲਈ ਬਹੁਤ ਸਾਰੀਆਂ ਸੁੰਦਰ ਰਾਈਡਾਂ ਲੱਗੀਆਂ ਹੋਈਆਂ ਸਨ। ਸਿਰਾਂ ‘ਤੇ ਦਸਤਾਰਾਂ ਵੀ ਸਜਾਈਆਂ ਗਈਆਂ। ਸਟੇਜ ਉੱਤੇ ਪੰਜਾਬ ਤੋਂ ਆਏ ਗਾਇਕ ਹਰਮਿੰਦਰ ਨੂਰਪੁਰੀ ਨੇ ਆਪਣੇ ਦੋ ਗੀਤਾਂ ਦੇ ਨਾਲ ਖ਼ੂਬ ਰੰਗ ਬੰਨ੍ਹਿਆ। ਇਸ ਦੇ ਨਾਲ ਹੀ ਪ੍ਰਸਿੱਧ ਗੀਤਕਾਰ ਹਰਵਿੰਦਰ ਉਹੜਪੁਰੀ ਨੇ ਜਿੱਥੇ ਆਪਣੇ ਕੁੱਝ ਗੀਤਾਂ ਦੇ ਮੁਖੜੇ ਸੁਣਾਏ ਉੱਥੇ ਸਿੱਖ ਖੇਡਾਂ ਦੀ ਸ਼ੁਰੂਆਤ ਹੋਣ ‘ਤੇ ਸਮੁੱਚੀ ਮੈਨੇਜਮੈਂਟ ਅਤੇ ਦਰਸ਼ਕਾਂ ਨੂੰ ਵਧਾਈਆਂ ਦਿੱਤੀਆਂ। ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੇ ਦੋ ਤਿੰਨ ਗੀਤਾਂ ਦੇ ਨਾਲ ਖ਼ੂਬ ਰੌਣਕਾਂ ਲਾਈਆਂ। ਗਾਇਕ ਹਰਜੀਤ ਸਿੱਧੂ ਅਤੇ ਬੀਬਾ ਪ੍ਰਵੀਨ ਦਰਦੀ ਨੇ ਵੀ ਗੀਤਾਂ ਦੀ ਪੇਰਸ਼ਕਾਰੀ ਕੀਤੀ। ਦਰਸ਼ਕਾਂ ਵਾਸਤੇ ਖਾਣ-ਪੀਣ ਦੇ ਪੁਰੇ ਪ੍ਰਬੰਧ ਕੀਤੇ ਗਏ ਹਨ।
1 ਦਸੰਬਰ ਨੂੰ ਖੇਡਾਂ ਦੇ ਦੂਜੇ ਦਿਨ ਦੇ ਮੈਚ ਹੋਣੇ ਹਨ। ਜਿਸ ਵਿੱਚ ਕਈ ਖੇਡਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਣੇ ਹਨ ਅਤੇ ਸ਼ਾਮ ਨੂੰ ਰੰਗਾ-ਰੰਗ ਪ੍ਰੋਗਰਾਮ ਰਾਹੀ ਖੇਡਾਂ ਦੀ ਸਮਾਪਤੀ ਹੋਏਗੀ।