ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ‘ਚ ਮੈਲਬਰਨ ਦਾ ਪੁਰਸ਼ ਹਾਕੀ ਤੇ ਕਬੱਡੀ ਅਤੇ ਭਾਰਤ ਦਾ ਮਹਿਲਾ ਕਬੱਡੀ ਦੀ ਟਰਾਫ਼ੀ ‘ਤੇ ਕਬਜ਼ਾ

ਪੁਲਮਨ ਪਾਰਕ (ਟਾਕਾਨੀਨੀ), 5 ਦਸੰਬਰ – ਇੱਥੇ 1 ਦਸੰਬਰ ਨੂੰ ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਵਿੱਚ ਆਸਟਰੇਲੀਆ ਦੇ ਸ਼ਹਿਰ ਮੈਲਬਰਨ ਦਾ ਦਬਦਬਾ ਵੇਖਣ ਨੂੰ ਮਿਲਿਆ, ਕਿਉਂਕਿ ਪੁਰਸ਼ਾਂ ਦੀ ਹਾਕੀ ‘ਚ ਮੈਲਬਰਨ ਸਿੱਖਸ ਯੂਨਾਈਟਿਡ ਕਲੱਬ ਅਤੇ ਕਬੱਡੀ ‘ਚ ਮੀਰੀ ਪੀਰੀ ਕਲੱਬ ਮੈਲਬਰਨ ਨੇ ਆਪਣੇ-ਆਪਣੇ ਫਾਈਨਲ ਮੁਕਾਬਲੇ ਜਿੱਤ ਕੇ ਟਰਾਫ਼ੀਆਂ ‘ਤੇ ਕਬਜ਼ਾ ਕੀਤਾ, ਜਦੋਂ ਕਿ ਮਹਿਲਾ ਵਰਗ ‘ਚ ਭਾਰਤੀ ਮਹਿਲਾ ਟੀਮ ਨੇ ਚੈਂਪੀਅਨ ਹੋਣ ਦਾ ਮਾਣ ਹਾਸਿਲ ਕੀਤਾ।
ਹਾਕੀ ਦੇ ਫਾਈਨਲ ਮੁਕਾਬਲੇ ਵਿੱਚ ਮੈਲਬਰਨ ਸਿੱਖਸ ਯੂਨਾਈਟਿਡ ਕਲੱਬ ਨੇ ਨਿਊਜ਼ੀਲੈਂਡ ਪੰਜਾਬੀ ਕਲੱਬ ਨੂੰ 4-1 ਨਾਲ ਹਰਾਇਆ। ਕਬੱਡੀ ਦੇ ਫਾਈਨਲ ਮੁਕਾਬਲੇ ਵਿੱਚ ਮੀਰੀ ਪੀਰੀ ਕਲੱਬ ਮੈਲਬਰਨ (ਆਸਟਰੇਲੀਆ) ਨੇ ਬੇਅ ਆਫ਼ ਪਲੈਂਟੀ ਕਲੱਬ (ਨਿਊਜ਼ੀਲੈਂਡ) ਨੂੰ ਹਰਾ ਕੇ ਟਰਾਫ਼ੀ ਜਿੱਤੀ। ਕਬੱਡੀ ‘ਚ ਮੀਰੀ ਪੀਰੀ ਕਲੱਬ ਦੇ ਖਿਡਾਰੀ ਅੰਨੂ ਘੁਮਣ ਬੈੱਸਟ ਰੇਡਰ ਤੇ ਅਮਨ ਸੁਨਿਆਰਾ ਬੈੱਸਟ ਜਾਫ਼ੀ ਐਲਾਨਿਆ ਗਿਆ ਅਤੇ ਟਰਾਫ਼ੀਆਂ ਦਿੱਤੀਆਂ ਗਈਆਂ। ਜਦੋਂ ਕਿ ਮਹਿਲਾ ਕਬੱਡੀ ਦਾ ਮੁਕਾਬਲਾ ਭਾਰਤ ਦੀ ਟੀਮ ਨੇ ਨਿਊਜ਼ੀਲੈਂਡ ਦੀ ਮਾਓਰੀ ਮਹਿਲਾ ਟੀਮ ਨੂੰ ਹਰਾ ਕੇ ਟਰਾਫ਼ੀ ‘ਤੇ ਕਬਜ਼ਾ ਕੀਤਾ।
ਦੌੜਾਂ ‘ਚ  400 ਮੀਟਰ ਦੀ ਦੌੜ ਜਗਜੀਤ ਸਿੰਘ ਸਿੱਧੂ ਨੇ ਜਿੱਤੀ। ਤੇ ਉਹ 100 ਅਤੇ 200 ਮੀਟਰ ਦੀ ਦੌੜ ਵਿੱਚ ਵੀ ਤੀਜੇ ਸਥਾਨ ਉੱਤੇ ਰਹੇ। 60 ਸਾਲ ਦੀ ਉਮਰ ਵਰਗ ਵਿੱਚ ਸ. ਖੜਕ ਸਿੰਘ ਨੇ 400 ਮੀਟਰ ਅਤੇ 100 ਮੀਟਰ ਦੌੜ ਦੇ ਵਿਚ ਪਹਿਲਾ ਇਨਾਮ ਹਾਸਿਲ ਕੀਤਾ।
ਕਲੇਅ ਸ਼ੂਟਿੰਗ ਦੇ ਮੁਕਾਬਲੇ ‘ਚ ਬ੍ਰਿਜੇਸ਼ ਸਿੰਘ ਸੰਧੂ ਨੇ ਪਹਿਲਾ, ਡੌਨ ਗਰੇਵਾਲ ਨੇ ਦੂਜਾ, ਰਣਬੀਰ ਸਿੰਘ ਸੰਧੂ ਨੇ ਤੀਜਾ ਅਤੇ ਲਾਲੀ ਸੰਧੂ ਨੇ ਚੌਥਾ ਸਥਾਨ ਹਾਸਿਲ ਕੀਤਾ।
ਪੰਜਾਬੀ ਕ’ਨਾਈਸ ਨੇ ਵੱਖ-ਵੱਖ ਵਰਗ ਮੁਕਾਬਲਿਆਂ ‘ਚ ਕਈ ਇਨਾਮ ਜਿੱਤੇ, ਜਿਨ੍ਹਾਂ ‘ਚ ਨੈੱਟਬਾਲ, ਖੋ-ਖੋ, ਟੱਚ ਰਗਬੀ, ਕਿਡਜ਼ ਸੌਕਰ, ਪੁਰਸ਼ ਫੁੱਟਬਾਲ, ਪੁਰਸ਼ ਬੈਡਮਿੰਟਨ ਅਤੇ ਕਿਡਜ਼ ਹਾਕੀ ਦੇ ਵਿੱਚ ਪਹਿਲਾ ਸਥਾਨ ਜਦੋਂ ਕਿ ਗਰਲਜ਼ ਸੌਕਰ ‘ਚ ਦੂਜਾ ਅਤੇ ਮਹਿਲਾ ਬੈਡਮਿੰਟਨ ‘ਚ ਦੂਜਾ ਸਥਾਨ ਹਾਸਿਲ ਕੀਤਾ।
ਗੌਲਫ਼ ‘ਚ ਪਰਮਿੰਦਰ ਤੱਖਰ ਨੇ ਪਹਿਲਾ ਇਨਾਮ ਹਾਸਿਲ ਕੀਤਾ ਅਤੇ ਰਾਜੀਵ ਬਾਜਵਾ ਨੇ ਸਭ ਤੋਂ ਲੰਬੀ ਡ੍ਰਾਈਵ ਸ਼ਾਟ (255) ਦਾ ਖ਼ਿਤਾਬ ਜਿੱਤਿਆ। 20 ਡਾਲਰ ਦੀ ਟਿਕਟ ਦੇ ਨਾਲ ਮਹਿੰਦਰਾ ਐਸ. ਯੂ.ਵੀ. ਦਾ ਲੱਕੀ ਡ੍ਰਾਅ ਮੈਨੁਰੇਵਾ ਦੇ ਸ. ਭੁਪਿੰਦਰ ਸਿੰਘ ਨੇ ਟਿਕਟ ਨੰਬਰ 0584 ਦੇ ਨਾਲ ਜਿੱਤਿਆ। ਮਿਊਜ਼ੀਕਲ ਚੇਅਰ ‘ਚ ਚਾਰ ਮਹਿਲਾਵਾਂ ਨੂੰ ਇਨਾਮ ਦਿੱਤੇ ਗਏ।
ਪਹਿਲੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਦੂਜੇ ਤੇ ਆਖ਼ਰੀ ਦਿਨ ਬਹੁਤੀਆਂ ਖੇਡਾਂ ਦੇ ਦਿਲਚਸਪ ਫਾਈਨਲ ਮੁਕਾਬਲੇ ਹੋਏ ਉੱਥੇ ਹੀ ਪੰਜਾਬ ਤੋਂ ਆਏ ਨਾਮੀ ਪੰਜਾਬੀ ਗਾਇਕਾਂ ਅਤੇ ਸਥਾਨਕ ਲੋਕ ਗਾਇਕਾਂ ਨੇ ਆਪਣੇ ਗਾਇਕੀ ਰਾਹੀਂ ਪਹੁੰਚੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਖ਼ਾਸ ਗੱਲ ਇਹ ਰਹੀ ਕਿ ਪ੍ਰਬੰਧਕਾਂ ਵੱਲੋਂ ਖੇਡਾਂ ਦੇ ਨਾਨ-ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਵੀ ਦੋਵੇਂ ਦਿਨ ਪ੍ਰਬੰਧ ਕੀਤੇ ਗਏ ਸਨ। ਪੰਜਾਬ ਤੋਂ ਪਹੁੰਚੇ ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਪੰਜਾਬ ਤੋਂ ਪਹੁੰਚੇ ਲੋਕ-ਗਾਇਕ ਹਰਮਿੰਦਰ ਨੂਰਪੁਰੀ, ਗੀਤਕਾਰ ਹਰਵਿੰਦਰ ਉਹੜਪੁਰੀ ਨੇ ਵੀ ਇਸ ਮੌਕੇ ਦਰਸ਼ਕਾਂ ਦੇ ਨਾਲ ਕੁਝ ਗੀਤਾਂ ਦੇ ਬੋਲਾਂ ਸਾਂਝੇ ਕੀਤੇ। ਮਨਜੀਤ ਸਿੰਘ ਫਿਰੋਜ਼ਪੁਰੀਆ, ਬੀਬੀ ਅਰਵਿੰਦਰ ਕੌਰ ਅਤੇ ਕੁਲਦੀਪ ਸਿੰਘ ਰਾਜਾ ਨੇ ਦੋਵੇਂ ਦਿਨ ਦਸਤਾਰ ਸਜਾਉਣ ਦੇ ਕਾਰਜ ਕੀਤੇ। ਆਖੀਰ ‘ਚ ਕਬੱਡੀ ਫਾਈਨਲ ਮੁਕਾਬਲਾ ਸਮਾਪਤ ਹੁੰਦੇ ਹੀ ਮੀਂਹ ਨੇ ਪੰਜਾਬ ਤੋਂ ਆਏ ਗਾਇਕ ਦੇਬੀ ਮਖਸੂਸਪੁਰੀ ਦੇ ਪ੍ਰੋਗਰਾਮ ਸਮੇਂ ਵਿਘਨ ਪਾ ਦਿੱਤਾ। ਪਰ ਕੁੱਝ ਸਰੋਤੇ ਉਸ ਨੂੰ ਸੁਣਨ ਲਈ ਮੀਂਹ ‘ਚ ਵੀ ਡਟੇ ਰਹੇ।