ਪੀਪਲਜ਼ ਪਾਰਟੀ ਦਾ ‘ਪਤੰਗ’ ਚੋਣ ਨਿਸ਼ਾਨ

ਜਲੰਧਰ – ਚੋਣ ਕਮਿਸ਼ਨ ਨੇ ਸ. ਮਨਪ੍ਰੀਤ ਸਿੰਘ ਬਾਦਲ ਵਾਲੀ ਪਾਰਟੀ ‘ਪੀਪਲਜ਼ ਪਾਰਟੀ ਆਫ ਪੰਜਾਬ’ ਨੂੰ 30 ਜਨਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਵਾਸਤੇ ‘ਪਤੰਗ’ ਦਾ ਚੋਣ ਨਿਸ਼ਾਨ ਦਿੱਤਾ ਹੈ। ਗੌਰਤਲਬ ਹੈ ਕਿ ਪੀਪਲਜ਼ ਪਾਰਟੀ ਆਫ ਪੰਜਾਬ ਨੂੰ ਪਹਿਲਾਂ ਵੱਖ-ਵੱਖ ਹਲਕਿਆਂ ਲਈ ਵੱਖਰਾ ਚੋਣ ਨਿਸ਼ਾਨ ਮਿਲਣ ਦੀ ਸੰਭਾਵਨਾ ਸੀ। ਪਾਰਟੀ ਦੇ ਮੀਡੀਆ ਕੋਆਰਡੀਨੇਟਰ ਅਰੁਨ ਜੋਤ ਸਿੰਘ ਸੋਢੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਕਮਿਸ਼ਨ ਨੇ ‘ਪਤੰਗ’ ਦਾ ਚੋਣ ਨਿਸ਼ਾਨ ਉਨ੍ਹਾਂ ਦੀ ਪਾਰਟੀ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਪਤੰਗ’ ਸਾਡੇ ਸੱਭਿਆਚਾਰ ‘ਚ ਖਾਸ ਥਾਂ ਰੱਖਦਾ ਹੈ ਬਸੰਤ ਰੁੱਤ ‘ਚ ਇਸ ਦੀ ਵਿਸ਼ੇਸ਼ ਮਹੱਤਤਾ ਹੈ ਤੇ ਪਤੰਗ ਨੂੰ ਸ਼ੁੱਭ-ਸ਼ਗਨ ਵੀ ਕਿਹਾ ਜਾਂਦਾ ਹੈ। ਪੀਪਲਜ਼ ਪਾਰਟੀ ਦੇ ਆਗੂਆਂ ਦਾ ਮੰਨਣਾ ਹੈ ਕਿ 28 ਜਨਵਰੀ ਨੂੰ ਬਸੰਤ ਦਾ ਤਿਉਹਾਰ ਹੈ ਤੇ ਸਾਡੀ ਪਾਰਟੀ ਦਾ ਰੰਗ ਵੀ ਬਸੰਤ ਦੇ ਰੰਗ ਨਾਲ ਮੇਲ ਖਾਂਦਾ ਹੈ ਤੇ ਨਾਲ ਹੀ 30 ਜਨਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ। ਜੋ ਸਾਡੇ ਲਈ ਚੰਗਾ ਸ਼ਗਨ ਹੈ ਤੇ ਪੰਜਾਬ ਦੇ ਭਵਿੱਖ ਨੂੰ ਬਦਲਣ ਲਈ ਸ਼ੁੱਭ ਸੰਕੇਤ ਨਜ਼ਰ ਆ ਰਿਹਾ ਹੈ।