ਪੌਪ ਸਟਾਰ ਰਿਹਾਨਾ ਨੇ ਭਾਰਤ ਵਿਚਲੇ ਕਿਸਾਨੀ ਅੰਦੋਲਨ ਦੀ ਹਮਾਇਤ ਕੀਤੀ

ਵਾਸ਼ਿੰਗਟਨ, 2 ਫਰਵਰੀ – ਇੰਟਰਨੈਸ਼ਨਲ ਪੌਪ ਸਟਾਰ ਰਿਹਾਨਾ ਨੇ ਟਵੀਟ ਕਰ ਕੇ ਭਾਰਤ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਮਾਇਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਬਾਰਡਰਾਂ ਉੱਤੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ 2 ਮਹੀਨੇ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ।
ਪੌਪ ਸਟਾਰ ਰਿਹਾਨਾ ਨੇ ਇੰਟਰਨੈੱਟ ਬੰਦ ਕਰਨ ਦੀ ਵੀ ਨਿਖੇਧੀ ਕੀਤੀ ਹੈ ਜਿਸ ਨੂੰ ਕਿਸਾਨ ਸੰਘਰਸ਼ ਵਿੱਚ ਅੜਿੱਕਾ ਪਾਉਣ ਲਈ ਚੁੱਕਿਆ ਗਿਆ ਕਦਮ ਦੱਸਿਆ ਹੈ। ਉਸ ਨੇ ‘ਸੀਐੱਨਐੱਨ’ ਦਾ ਇਕ ਖ਼ਬਰ ਆਰਟੀਕਲ ਟਵੀਟ ਨਾਲ ਸਾਂਝਾ ਕੀਤਾ ਜਿਸ ਵਿੱਚ ਭਾਰਤ ‘ਚ ਇੰਟਰਨੈੱਟ ਬੰਦ ਹੋਣ ਬਾਰੇ ਦੱਸਿਆ ਗਿਆ ਹੈ। ਪੌਪ ਸਟਾਰ ਨੇ ਲਿਖਿਆ ‘ਅਸੀਂ ਇਸ ਬਾਰੇ ਗੱਲ ਕਿਉਂ ਨਹੀਂ ਕਰ ਰਹੇ?’ ਉਸ ਨੇ ਨਾਲ ਹੀ ਹੈਸ਼ਟੈਗ ‘ਫਾਰਮਰਜ਼ ਪ੍ਰੋਟੈਸਟ’ ਵੀ ਲਿਖਿਆ। ਜ਼ਿਕਰਯੋਗ ਹੈ ਕਿ ਗਾਇਕਾ ਦੇ ਟਵਿੱਟਰ ਉੱਤੇ 10 ਕਰੋੜ ਫਾਲੋਅਰਜ਼ ਹਨ। ਦਿੱਲੀ ਦੇ ਸਿੰਘੂ, ਗਾਜ਼ੀਪੁਰ ਤੇ ਟਿਕਰੀ ਬਾਰਡਰ ਅਤੇ ਨੇੜਲੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹਨ।