ਮਿਆਂਮਾਰ ‘ਚ ਫ਼ੌਜ ਨੇ ਤਖ਼ਤਾ ਪਲਟ ਦਿੱਤਾ, ਸੂ ਕੀ ਸਮੇਤ ਕਈ ਆਗੂ ਹਿਰਾਸਤ ‘ਚ ਲਏ

ਨੇਯਪਿਆਤਾਅ (ਮਿਆਂਮਾਰ), 1 ਫਰਵਰੀ – ਮਿਆਂਮਾਰ ‘ਚ ਫ਼ੌਜ ਨੇ ਪ੍ਰਮੁੱਖ ਆਗੂ ਆਂਗ ਸਾਂ ਸੂ ਕੀ ਸਮੇਤ ਕਈ ਨੇਤਾਵਾਂ ਨੂੰ ਹਿਰਾਸਤ ‘ਚ ਲੈਂਦਿਆਂ ਇੱਕ ਸਾਲ ਲਈ ਮੁਲਕ ਦਾ ਕੰਟਰੋਲ ਆਪਣੇ ਹੱਥਾਂ ‘ਚ ਲੈ ਲਿਆ ਹੈ। ਫ਼ੌਜ ਦੇ ਆਪਣੇ ਮਿਆਵਾਡੀ ਟੀਵੀ ਨੇ ਸੋਮਵਾਰ ਸਵੇਰੇ ‘ਤਖ਼ਤਾ ਪਲਟ’ ਦਾ ਐਲਾਨ ਕਰਦਿਆਂ ਫ਼ੌਜ ਵੱਲੋਂ ਤਿਆਰ ਸੰਵਿਧਾਨ ਦੇ ਉਸ ਹਿੱਸੇ ਦਾ ਹਵਾਲਾ ਵੀ ਦਿੱਤਾ ਜੋ ਕੌਮੀ ਐਮਰਜੈਂਸੀ ਦੀ ਹਾਲਤ ‘ਚ ਮੁਲਕ ਦਾ ਕੰਟਰੋਲ ਫ਼ੌਜ ਨੂੰ ਆਪਣੇ ਹੱਥਾਂ ‘ਚ ਲੈਣ ਦੀ ਇਜਾਜ਼ਤ ਦਿੰਦਾ ਹੈ। ਉਸ ਨੇ ਕਿਹਾ ਕਿ ਪਿਛਲੇ ਸਾਲ ਨਵੰਬਰ ‘ਚ ਹੋਈਆਂ ਚੋਣਾਂ ‘ਚ ਧੋਖਾਧੜੀ ਦੇ ਦਾਅਵਿਆਂ ‘ਤੇ ਕੋਈ ਕਾਰਵਾਈ ਨਾ ਹੋਣਾ ਅਤੇ ਕੋਰੋਨਾਵਾਇਰਸ ਸੰਕਟ ਦੇ ਬਾਵਜੂਦ ਚੋਣਾਂ ਮੁਲਤਵੀ ਕਰਨ ‘ਚ ਸਰਕਾਰ ਦੀ ਨਾਕਾਮੀ ਕਾਰਨ ਤਖ਼ਤਾ ਪਲਟ ਕਰਨਾ ਪਿਆ ਹੈ। ਫ਼ੌਜ ਨੇ ਕਈ ਵਾਰ ਤਖ਼ਤਾ ਪਲਟ ਦੇ ਖ਼ਦਸ਼ਿਆਂ ਨੂੰ ਖ਼ਾਰਜ ਕੀਤਾ ਸੀ ਪਰ ਨਵੀਂ ਸੰਸਦ ਦਾ ਇਜਲਾਸ ਸੋਮਵਾਰ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਨੇ ਇਹ ਕਦਮ ਉਠਾ ਲਿਆ। ਸੂ ਕੀ ਲਈ ਇਹ ਵੱਡਾ ਝਟਕਾ ਹੈ ਜਿਨ੍ਹਾਂ ਮਿਆਂਮਾਰ ‘ਚ ਲੋਕਤੰਤਰ ਦੀ ਬਹਾਲੀ ਲਈ ਕਈ ਵਰ੍ਹਿਆਂ ਤੱਕ ਸੰਘਰਸ਼ ਕੀਤਾ ਸੀ ਅਤੇ ਉਹ ਨਜ਼ਰਬੰਦ ਵੀ ਰਹੀ ਸੀ। ਸੂ ਕੀ ਦੀਆਂ ਕੋਸ਼ਿਸ਼ਾਂ ਸਦਕਾ ਉਸ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਵੀ ਮਿਲਿਆ ਹੈ।