ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਬੱਚੀ ਨੂੰ ਜਨਮ ਦਿੱਤਾ

ਆਕਲੈਂਡ, 21 ਜੂਨ  – ਪ੍ਰਧਾਨ ਮੰਤਰੀ ਜੈਸਿੰਡਾ ਅਰਡਨ (37) ਨੇ ਇੱਕ ਲੜਕੀ ਨੂੰ ਜਨਮ ਦਿੱਤਾ ਹੈ ਅਤੇ ਉਨ੍ਹਾਂ ਆਪਣੇ ਪਤੀ ਕਲਾਰਕ ਗੇਫੋਰਡ ਦੇ ਨਾਲ ਖ਼ੁਸ਼ੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਅਰਡਨ ਦੀ ਬੱਚੀ ਦੇ ਜਨਮ ‘ਤੇ ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ਾਂ ਤੋਂ ਵਧਾਈਆਂ ਮਿਲ ਰਹੀਆਂ ਹਨ।
ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਦੀ ਬੱਚੀ ਦਾ ਜਨਮ 4:45 ਵਜੇ ਸ਼ਾਮ ਨੂੰ ਹੋਇਆ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਵੀਂ ਜਨਮੀ ਬੱਚੀ ਦੇ ਜਨਮ ਦਾ ਐਲਾਨ ਕੀਤਾ। ਉਨ੍ਹਾਂ ਨੇ ਲਿਖਿਆ ਕਿ ਅਸੀਂ ਬੜੇ ਕਿਸਮਤ ਵਾਲੇ ਹਾਂ ਸਾਡੇ ਸਿਹਤਮੰਦ ਲੜਕੀ ਦਾ ਜਨਮ ਹੋਇਆ ਹੈ, ਬੱਚੀ ਦਾ ਵਜ਼ਨ 3.31 ਕਿੱਲੋ (7.3lb) ਹੈ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਅਤੇ ਸਹਾਨਭੂਤੀ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਆਕਲੈਂਡ ਸਿਟੀ ਹੋਸਪੀਟਲ ਦੀ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ।
ਉਨ੍ਹਾਂ ਲਿਖਿਆ ਕਿ ਮੈਨੂੰ ਯਕੀਨ ਹੈ ਕਿ ਅਸੀਂ ਸਾਰੇ ਉਨ੍ਹਾਂ ਭਾਵਨਾਵਾਂ ‘ਚੋਂ ਲੰਘੇ ਹਾਂ ਜਿਨ੍ਹਾਂ ਵਿੱਚੋਂ ਨਵੇਂ ਮਾਪੇ ਲੰਘਦੇ ਹਨ, ਪਰ ਉਸੇ ਸਮੇਂ ਬਹੁਤ ਸਾਰੇ ਲੋਕਾਂ ਦੀਆਂ ਢੇਰ ਸਾਰੀਆਂ ਦਿਆਲਤਾ ਅਤੇ ਸ਼ੁੱਭਕਾਮਨਾਵਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ।