ਪ੍ਰਧਾਨ ਮੰਤਰੀ ਮੋਦੀ ਨੇ ਨਾਮੀਬੀਆ ਤੋਂ ਲਿਆਂਦੇ 8 ਚੀਤੇ ਕੂਨੋ ਨੈਸ਼ਨਲ ਪਾਰਕ ’ਚ ਛੱਡੇ

ਸ਼ਿਓਪੁਰ, 17 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ ਮੌਕੇ ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਟਰ 8 ਚੀਤੇ ਲੈ ਕੇ ਅੱਜ ਸਵੇਰੇ ਮੱਧ ਪ੍ਰਦੇਸ਼ ਵਿੱਚ ਕੂਨੋ ਨੈਸ਼ਨਲ ਪਾਰਕ ਨੇੜੇ ਪਾਲਪੁਰ ਪਹੁੰਚੇ, ਜਿਨ੍ਹਾਂ ਨੂੰ ਇਨ੍ਹਾਂ ਲਈ ਬਣਾਏ ਗਏ ਵਿਸ਼ੇਸ਼ ਵਾੜਿਆਂ ’ਚ ਛੱਡਿਆ।
ਭਾਰਤ ਵਿੱਚ ਚੀਤੇ ਅਲੋਪ ਹੋਣ ਦਾ ਐਲਾਨ ਕੀਤੇ ਜਾਣ ਤੋਂ ਸੱਤ ਦਹਾਕੇ ਬਾਅਦ ਇਸ ਪ੍ਰਜਾਤੀ ਨੂੰ ਦੇਸ਼ ਵਿੱਚ ਮੁੜ ਤੋਂ ਵਸਾਉਣ ਦੇ ਪ੍ਰਾਜੈਕਟ ਤਹਿਤ ਨਾਮੀਬੀਆ ਤੋਂ ਅੱਠ ਚੀਤੇ ਲੈ ਕੇ ਵਿਸ਼ੇਸ਼ ਮਾਲਵਾਹਕ ਜਹਾਜ਼ ਅੱਜ ਸਵੇਰੇ ਗਵਾਲੀਅਰ ਹਵਾਈ ਅੱਡੇ ’ਤੇ ਪਹੁੰਚੇ ਸਨ। ਉਪਰੰਤ ਇਨ੍ਹਾਂ ਨੂੰ 20 ਤੋਂ 25 ਮਿੰਟ ਦੀ ਯਾਤਰਾ ਮਗਰੋਂ 165 ਕਿਲੋਮੀਟਰ ਦੂਰ ਹੈਲੀਕਾਪਟਰ ਰਾਹੀਂ ਪਾਲਪੁਰ ਲਿਆਂਦਾ ਗਿਆ।
ਮਾਲਵਾਹਕ ਬੋਇੰਗ ਜਹਾਜ਼ ਨੇ ਸ਼ੁੱਕਰਵਾਰ ਰਾਤ ਨੂੰ ਨਾਮੀਬੀਆ ਤੋਂ ਉਡਾਣ ਭਰੀ ਸੀ ਅਤੇ ਕਰੀਬ 10 ਘੰਟੇ ਦੇ ਲਗਾਤਾਰ ਸਫ਼ਰ ਦੌਰਾਨ ਚੀਤਿਆਂ ਨੂੰ ਲੱਕੜ ਦੇ ਬਣੇ ਪਿੰਜਰਿਆਂ ਵਿੱਚ ਪਹਿਲਾਂ ਗਵਾਲੀਅਰ ਤੇ ਫਿਰ ਇੱਥੇ ਲਿਆਂਦਾ ਗਿਆ। ਕੂਨੋ ਨੈਸ਼ਨਲ ਪਾਰਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਜਨਮ ਦਿਨ ਮੌਕੇ ਇਨ੍ਹਾਂ ਚੀਤਿਆਂ ਨੂੰ ਇਨ੍ਹਾਂ ਲਈ ਬਣਾਏ ਵਿਸ਼ੇਸ਼ ਵਾੜਿਆਂ ’ਚ ਛੱਡਿਆ।