ਪ੍ਰਮਾਣੂ ਬਿਜਲੀ ਪਲਾਂਟ ਲੱਗਣ ਦੇ ਐਲਾਨ ਵਜੋਂ ਕਿਸਾਨਾਂ ਨੂੰ ਵੰਡੀ ਕਰੋੜਾਂ ਰੁਪਏ ਦੀ ਰਾਸ਼ੀ

ਚੰਡੀਗੜ੍ਹ, 18 ਅਗਸਤ (ਏਜੰਸੀ) – ਜ਼ਿਲ੍ਹਾ ਫਤਿਹਾਬਾਦ ਦੇ ਗੋਰਖਪੁਰ ਵਿੱਚ ਲੱਗਣ ਵਾਲੇ ਪ੍ਰਮਾਣੂ ਬਿਜਲੀ ਪਲਾਂਟ ਦੇ ਐਵਾਰਡ ਐਲਾਨ ਹੋਣ ਤੋਂ ਬਾਅਦ ਅੱਜ ਦੁਪਹਿਰ ਤਕ 493 ਕਿਸਾਨਾਂ ਦੀ 835 ਏਕੜ ਤੋਂ ਵੱਧ ਜ਼ਮੀਨ ਦੇ ਬਦਲੇ ਵਿੱਚ 2 ਅਰਬ 56 ਕਰੋੜ 85 ਲੱਖ 9 ਹਜ਼ਾਰ ਰੁਪਏ ਦੀ ਰਕਮ ਮੁਆਵਜ਼ੇ ਵਜੋਂ ਵੰਡੀ ਜਾ ਚੁੱਕੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਗੋਰਖਪੁਰ, ਬਡੋਪਲ ਤੇ ਕਾਜਲਹੇੜੀ ਦੇ ਕਿਸਾਨ ਆਪਣੀ ਇੱਛਾ ਨਾਲ ਮੁਆਵਜ਼ਾ ਰਕਮ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਅੱਜ ਦੁਪਹਿਰ ਤਕ ਗੋਰਖਪੁਰ ਦੇ 372 ਕਿਸਾਨਾਂ ਦੀ 712 ਏਕੜ ਜ਼ਮੀਨ ਤੋਂ ਵੱਧ ਦੇ ਬਦਲੇ ਵਿੱਚ 2 ਅਰਬ 19 ਕਰੋੜ 5 ਲੱਖ 23 ਹਜ਼ਾਰ ਰੁਪਏ ਦੀ ਰਕਮ ਦੇ ਚੈਕ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਨੇ ਦਸਿਆ ਕਿਸਾਨਾਂ ਦਾ ਧਿਆਨ ਮੁਆਵਜ਼ਾ ਰਕਮ ਪ੍ਰਾਪਤ ਕਰਨ ਲਈ ਪ੍ਰਤੀ ਦਿਨ ਵੱਧ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਪਿੰਡ ਬਡੋਪਲ ਦੇ 120 ਕਿਸਾਨਾਂ ਦੀ 121 ਏਕੜ ਤੋਂ ਵੱਧ ਜ਼ਮੀਨ ਦੇ ਬਦਲੇ ਵਿੱਚ 37 ਕਰੋੜ 24 ਲੱਖ 92 ਹਜ਼ਾਰ 532 ਰੁਪਏ ਅਤੇ ਪਿੰਡ ਕਾਜਲਹੇੜੀ ਦੇ ਇਕ ਕਿਸਾਨ ਨੂੰ ਉਨ੍ਹਾਂ ਦੀ 1.78 ਏਕੜ ਜ਼ਮੀਨ ਦੇ ਬਦਲੇ 54.93 ਲੱਖ ਰੁਪਏ ਦੀ ਮੁਆਵਜ਼ਾ ਰਕਮ ਦਾ ਚੈਕ ਦਿੱਤਾ ਜਾ ਚੁੱਕਿਆ ਹੈ।