ਬਲਰਾਜ ਸਿੰਘ ਪੰਜਾਬੀ ‘ਆਕਲੈਂਡ ਕੌ-ਆਪ’ ‘ਚ ਨਿਰਦੇਸ਼ਕ ਦੀ ਚੋਣ ਜਿੱਤੇ

ਆਕਲੈਂਡ 16  ਅਗਸਤ (ਹਰਜਿੰਦਰ ਸਿੰਘ ਬਸਿਆਲਾ) – ਪਿਛਲੇ 6 ਦਹਾਕਿਆਂ ਤੋਂ ਟੈਕਸੀ ਦੇ ਕਾਰੋਬਾਰ ਵਿੱਚ ਨੰਬਰ -੧ ਕੰਪਨੀ ‘ਆਕਲੈਂਡ ਕੌ-ਆਪਰੇਟਿਵ ਟੈਕਸੀਜ਼’ ਦੀ 14 ਅਗਸਤ ਨੂੰ ਦੋ ਨਿਰਦੇਸ਼ਕਾਂ ਦੀ ਹੋਈ ਸਾਲਾਨਾ ਚੋਣ ‘ਚ ਉਸ ਵੇਲੇ ਭਾਰਤੀ ਟੈਕਸੀ ਚਾਲਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਇਕ ਸਿੱਖ ਨੌਜਵਾਨ ਸ. ਬਲਰਾਜ ਸਿੰਘ ਪੰਜਾਬੀ ਨੇ ਇਹ ਚੋਣ ਵੱਡੇ ਫਰਕ ਨਾਲ ਜਿੱਤ ਕੇ ਪੱਗ ਦੀ ਸ਼ਾਨ ਨੂੰ ਵਧਾਇਆ। ਸ. ਬਲਰਾਜ ਸਿੰਘ ਪੰਜਾਬੀ ਦੇ ਮੁਕਾਬਲੇ ਵਿੱਚ ਸੱਤ ਹੋਰ ਉਮੀਦਵਾਰ ਸਨ ਜਿਨ੍ਹਾਂ ਵਿਚੋਂ ਇਕ ਸ੍ਰੀ ਇਆਨ ਗ੍ਰਾਹਮ (ਇੰਗਲਿਸ਼ ਮੈਨ) ਨੇ ਵੀ ਇਹ ਚੋਣ ਜਿੱਤ ਕੇ ਦੋ ਨਿਰਦੇਸ਼ਕਾਂ ਦੀ ਗਿਣਤੀ ਪੂਰੀ ਕੀਤੀ। ਸ. ਬਲਰਾਜ ਸਿੰਘ ਪੰਜਾਬੀ ਦਾ ਜੱਦੀ ਪਿੰਡ ਧਾਂਦਰਾ (ਲੁਧਿਆਣਾ) ਹੈ ਅਤੇ ਇਹ ਪਿਛਲੇ ੧੩ ਸਾਲਾਂ ਤੋਂ ਨਿਊਜ਼ੀਲੈਂਡ ਰਹਿ ਰਹੇ ਹਨ। ਸ. ਪੰਜਾਬੀ ਜਿਥੇ ‘ਕੌ-ਆਪਰੇਟਿਵ’ ਟੈਕਸੀ ਕੰਪਨੀ ਦੇ ਵਿੱਚ ਪਿਛਲੇ ੭ ਸਾਲਾਂ ਤੋਂ ਕਾਰੋਬਾਰ ਕਰ ਰਹੇ ਹਨ ਉਥੇ ਉਹ ਇਥੇ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਿੱਚ ਵੀ ਸਰਗਰਮ ਹਨ। ਇਸ ਵੇਲੇ ਸ. ਪੰਜਾਬੀ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਐਵਨਡੇਲ ਦੀ ਪ੍ਰਬੰਧਕ ਕਮੇਟੀ ਵਿੱਚ ਮੌਜੂਦਾ ਸਕੱਤਰ ਦੀ ਸੇਵਾ ਵੀ ਨਿਭਾਅ ਰਹੇ ਹਨ। ਆਪਣੀ ਇਸ ਜਿੱਤ ਦੀ ਖੁਸ਼ੀ ਮੀਡੀਆ ਨਾਲ ਸਾਂਝੀ ਕਰਦਿਆਂ ਉਨ੍ਹਾਂ ਸਭ ਤੋਂ ਪਹਿਲਾਂ ਆਪਣੇ ਸਮੁੱਚੇ ਭਾਰਤੀ ਟੈਕਸੀ ਭਾਈਵਾਲਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਉਹ ਇਸ ਜਿੰਮੇਵਾਰੀ ਦੇ ਯੋਗ ਸਮਝੇ ਗਏ, ਇਸ ਤੋਂ ਬਾਅਦ ਉਨ੍ਹਾਂ ਸਾਰੀ ਭਾਰਤੀ ਕਮਿਊਨਿਟੀ ਦੀ ਸ਼ੁੱਭ ਇੱਛਾਵਾਂ ਅਤੇ ਵਿਸ਼ੇਸ਼ ਕਰਕੇ ਮਾਲਵਾ ਕਲੱਬ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ।