ਪੰਜਾਬੀ ਵਿਰਸਾ ਕਲਾ ਅਤੇ ਸਭਿਆਚਾਰ ਅਕਾਦਮੀ ਵੱਲੋਂ ਸਲਾਨਾ ਸਮਾਗਮ

ਜੱਜ ਸਵਰਨ ਅਜੀਤ ਸਿੰਘ ਨੇ ਮੁੱਖ-ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ
ਆਕਲੈਂਡ (ਪਰਮਿੰਦਰ ਸਿੰਘ ਪਾਪਾਟੋਏਟੋਏ) – 25 ਮਈ ਦੀ ਸ਼ਾਮ ਏਥੋਂ ਦੇ ਪੰਜਾਬੀ ਵਸੋਂ ਵਾਲੇ ਘੁੱਗ ਵੱਸਦੇ ਸ਼ਹਿਰ ਪਾਪਾਟੋਏਟੋਏ ਦੇ ਟਾਊਨ ਹਾਲ ਵਿਖੇ ਪੰਜਾਬੀ ਭਾਸ਼ਾ, ਲੋਕ-ਨਾਚਾਂ ਅਤੇ ਸਾਜ਼ਾਂ ਨੂੰ ਸਮਰਪਿਤ ਪੰਜਾਬੀ ਵਿਰਸਾ ਕਲਾ ਅਤੇ ਸਭਿਆਚਾਰ ਅਕਾਦਮੀ ਵੱਲੋਂ ਸਲਾਨਾ ਸਮਾਗਮ ਆਯੋਜਿਤ ਕੀਤੇ ਗਏ। ਇਸ ਸਮਾਗਮ ਦੌਰਾਨ ਅਕਾਦਮੀ ਵੱਲੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਆਏ ਹੋਏ ਮਹਿਮਾਨਾਂ, ਸਿੱਖਿਆਰਥੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ‘ਜੀ ਆਇਆਂ’ ਆਖਿਆ ਅਤੇ ਵਿਸਾਖੀ ਦੀ ਮਹੱਤਤਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਉਪਰੰਤ ਸ. ਹਰਮੀਕ ਸਿੰਘ ਨੇ ਸੁਰੀਲੇ ਗੀਤ (ਸ. ਅਮਰੀਕ ਸਿੰਘ ਨੇ ਢੋਲ ‘ਤੇ ਸਾਥ ਦਿੱਤਾ) ਨਾਲ ਸ਼ੁਰੂਆਤ ਕੀਤੀ ਅਤੇ ਫਿਰ ਵੱਖ-ਵੱਖ ਉਮਰ ਵਰਗ ‘ਚ ਵੰਡੇ ਬੱਚਿਆਂ ਦੇ ਭੰਗੜੇ-ਗਿੱਧੇ ਨੇ ਰੌਣਕਾਂ ਲਾਈਆਂ। ਇਸ ਮੌਕੇ ਸ੍ਰੀ ਗੁਰਬਿੰਦਰ ਹੰਸਪਾਲ ਨੇ ਟੱਪੇ ਸੁਣਾ ਕੇ ਮਨ ਮੋਹ ਲਿਆ। ਮਹਿਮਾਨਾਂ ਵੱਲੋਂ ਕੀਤੀਆਂ ਤਕਰੀਰਾਂ ਦੌਰਾਨ ਨਿਊਜ਼ੀਲੈਂਡ ਦੇ ਜੰਮ-ਪਲ ਇਨ੍ਹਾਂ ਪੰਜਾਬੀ ਮੂਲ ਦੇ ਸਿੱਖਿਆਰਥੀ ਬੱਚਿਆਂ ਨੂੰ ਆਪਣੇ ਵਿਰਸੇ-ਵਿਰਾਸਤ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ ਗਈ। ਅੰਤ ਵਿੱਚ ਸ੍ਰੀ ਨਵਤੇਜ ਰੰਧਾਵਾ ਨੇ ਨਿਊਜ਼ੀਲੈਂਡ ਇੰਡੀਅਨ ਫਲੇਮ, ਮੈਨੂਰੇਵਾ (ਸ. ਅਮਰੀਕ ਸਿੰਘ ਅਤੇ ਸ਼੍ਰੀਮਤੀ ਰੀਨਾ ਸਿੰਘ), ਜਸਟ ਫ੍ਰੈਸ਼ ਪਾਪਾਟੋਏਟੋਏ ਅਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ।
ਇਸ ਸਭਿਆਚਾਰਕ ਸਮਾਗਮ ਵਿੱਚ ਜਿੱਥੇ, ਮਾਣਯੋਗ ਜੱਜ ਸਵਰਨ ਅਜੀਤ ਸਿੰਘ ਨੇ ਮੁੱਖ-ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ, ਉੱਥੇ ਨਾਲ ਹੀ ਭਾਈਚਾਰੇ ਵੱਲੋਂ ਬੀਬਾ ਮਨਦੀਪ ਕੌਰ (ਨਿਊਜ਼ੀਲੈਂਡ ਪੁਲਿਸ ਮਹਿਕਮਾ), ਸ. ਹਰਨੇਕ ਸਿੰਘ ਢੋਟ (ਭਾਸ਼ਾ ਵਿਭਾਗ, ਪੰਜਾਬ) ਵਲੰਟੀਅਰ ਸ. ਕਰਨੈਲ ਸਿੰਘ, ਨਿਊਜ਼ੀਲੈਂਡ ਇੰਸਟੀਚਿਊਟ ਆਫ਼ ਟੈਕਨੀਕਲ ਟਰੇਨਿੰਗ ਤੋਂ ਸ. ਕੁਲਬੀਰ ਸਿੰਘ, ਸ੍ਰੀ ਨਰਿੰਦਰ ਸਿੰਗਲਾ ਜੇ.ਪੀ., ਪੱਤਰਕਾਰ ਸਾਥੀ ਮੁਖਤਿਆਰ, ਸ੍ਰੀ ਤਰਨਦੀਪ ਦਿਉਲ, ਸ੍ਰੀ ਗੁਰਦੀਪ ਲੂਥਰ, ਪਾਲ ਪ੍ਰੋਡਕਸ਼ਨ ਤੋਂ ਸ੍ਰੀ ਹਰਪਾਲ ਸਿੰਘ, ਲਾਇਬ੍ਰੇਰੀਅਨ ਸ੍ਰੀਮਤੀ ਸੱਤੀ ਸਿੰਘ, ਸੰਗੀਤਕਾਰ ਗੁਰਨੀਤ ਰਹਿਸੀ, ਸ. ਗੁਰਪਾਲ ਸਿੰਘ ਸੈਣੀ, ਸ. ਪਤਵਿੰਦਰ ਸਿੰਘ ਮਠਾਰੂ, ਸ੍ਰੀ ਅਵਤਾਰ ਤਰਕਸ਼ੀਲ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਅੱਠ ਵਰ੍ਹਿਆਂ ਤੋਂ ਇਹ ਅਕਾਦਮੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੀ ਕਵਾਇਦ ਨਿਭਾ ਰਹੀ ਹੈ ਅਤੇ ਹਰੇਕ ਵੀਰਵਾਰ ਦੀ ਸ਼ਾਮ ਲੱਕੀ ਸੈਣੀ, ਨਵਤੇਜ ਰੰਧਾਵਾ, ਜਸਦੀਪ ਬਸਰਾ, ਅਰਸ਼ਦੀਪ ਸੈਣੀ ਅਤੇ ਗੁਰਨੀਤ ਰਹਿਸੀ ਅਗਲੀ ਪੀੜ੍ਹੀ ਦੇ ਮਨਾਂ ਵਿੱਚ ਪੰਜਾਬੀਅਤ ਦਾ ਜਜ਼ਬਾ ਜਗਾਉਂਦਿਆਂ, ਪਾਪਾਟੋਏਟੋਏ ਦੇ ਟਾਊਨ ਹਾਲ ਵਿੱਚ ਲੋਕ-ਨਾਚਾਂ ਅਤੇ ਸਾਜ਼ਾਂ ਦੀ ਸਿਖਲਾਈ ਦਿੰਦੇ ਹਨ। ਇਸ ਅਕਾਦਮੀ ਵਿੱਚ ਆਪਣੇ ਬੱਚੇ ਦੀ ਸ਼ਮੂਲੀਅਤ ਲਈ, ਲੱਕੀ ਸੈਣੀ ਹੋਰਾਂ ਨਾਲ  09-2129563 ਜਾਂ 021994458 ਫ਼ੋਨ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ।