ਪੰਜਾਬ ‘ਚ ਸਨਿਚਰਵਾਰ ਤੇ ਐਤਵਾਰ ਨੂੰ ਮੁਕੰਮਲ ਤਾਲਾਬੰਦੀ, ਹੁਣ 31 ਅਗਸਤ ਤੱਕ ਸ਼ਾਮੀ 7.00 ਤੋਂ ਸਵੇਰੇ 5.00 ਵਜੇ ਤੱਕ ਕਰਫ਼ਿਊ

ਚੰਡੀਗੜ੍ਹ, 21 ਅਗਸਤ – 20 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਕੋਰੋਨਾ ਮਹਾਂਮਾਰੀ ਦੇ ਲਗਾਤਾਰ ਵਧਣ ਕਾਰਣ ਹਾਲਾਤ ਨਾਲ ਨਜਿੱਠਣ ਲਈ ਇੱਕ ਉੱਚ ਪੱਧਰੀ ਮੀਟਿੰਗ ਰੱਖੀ। ਜਿਸ ਵਿੱਚ ਸੂਬੇ ਭਰ ‘ਚ ਪਾਬੰਦੀਆਂ ਲਗਾਉਣ ਸਬੰਧੀ ਕਈ ਅਹਿਮ ਫ਼ੈਸਲੇ ਲਏ ਗਏ। ਰਾਜ ਸਰਕਾਰ ਦੇ ਇੱਕ ਬੁਲਾਰੇ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਕਿਹਾ ਕਿ ਕੋਰੋਨਾ ਦੇ ਫੈਲਾਅ ਨੂੰ ਮੁੱਖ ਰੱਖ ਕੇ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਸਾਰੇ 167 ਸ਼ਹਿਰਾਂ ਤੇ ਕਸਬਿਆਂ ‘ਚ 31 ਅਗਸਤ ਤੱਕ ਸ਼ਾਮੀ 7.00 ਵਜੇ ਤੋਂ ਲੈ ਕੇ ਸਵੇਰੇ 5.00 ਵਜੇ ਤੱਕ ਦਾ ਕਰਫ਼ਿਊ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਵੀਕਐਂਡ ਲੌਕਡਾਉਨ ਜੋ ਸਨਿਚਰਵਾਰ ਅਤੇ ਐਤਵਾਰ ਲਈ ਪਹਿਲਾਂ ਸਿਰਫ਼ ਪ੍ਰਭਾਵਿਤ 5 ਜ਼ਿਲ੍ਹਿਆਂ ‘ਚ ਲਗਾਇਆ ਗਿਆ ਸੀ ਹੁਣ ਸਮੁੱਚੇ ਸ਼ਹਿਰਾਂ ਤੇ ਕਸਬਿਆਂ ‘ਚ ਲਾਗੂ ਹੋਵੇਗਾ। ਸੂਬੇ ਭਰ ‘ਚ ਕੁੱਲ ਐਕਟਿਵ ਕੇਸਾਂ ਦੇ 80% ਪ੍ਰਭਾਵਿਤ ਮਰੀਜ਼ 5 ਜ਼ਿਲ੍ਹਿਆਂ ‘ਚ ਹਨ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ 31 ਅਗਸਤ ਤੱਕ ਸਿਰਫ਼ ਵਿਆਹ ਤੇ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਸਿਆਸੀ ਤੇ ਗ਼ੈਰ-ਸਿਆਸੀ ਇਕੱਠਾਂ ‘ਤੇ ਪਾਬੰਦੀ ਹੋਵੇਗੀ ਅਤੇ ਸਰਕਾਰੀ ਤੇ ਗ਼ੈਰ-ਸਰਕਾਰੀ ਦਫ਼ਤਰ ਵੀ 50 ਫ਼ੀਸਦੀ ਸਟਾਫ਼ ਨਾਲ ਕੰਮ ਕਰਨਗੇ। ਇਸੇ ਤਰ੍ਹਾਂ ਦਫ਼ਤਰਾਂ ‘ਚ ਜਨਤਕ ਮੇਲ ਮਿਲਾਪ ਨੂੰ ਵੀ ਘਟਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ਿਕਾਇਤਾਂ ਦੇ ਹੱਲ ਲਈ ਆਨ ਲਾਈਨ ਪ੍ਰਣਾਲੀ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸੂਬਾ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਸੂਬੇ ‘ਚ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਿਆਂ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਤੇ ਐੱਸ.ਏ.ਐੱਸ. ਨਗਰ ‘ਚ ਬੱਸਾਂ 50% ਸਮਰੱਥਾ ਨਾਲ ਚਲਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਨਿੱਜੀ ਚਾਰ ਪਹੀਆ ਵਾਹਨਾਂ ‘ਚ 3 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦਾ ਹੁਕਮ ਲਾਗੂ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਇਨ੍ਹਾਂ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਭੀੜ ‘ਤੇ ਕੰਟਰੋਲ ਕਰਨ ਲਈ ਗ਼ੈਰ-ਜ਼ਰੂਰੀ ਵਸਤਾਂ ਵਾਲੀਆਂ ਅੱਧੀਆਂ ਦੁਕਾਨਾਂ ਹੀ ਖੋਲ੍ਹੀਆਂ ਜਾਣ ਅਤੇ ਵਾਰੀ ਸਿਰ ਦੁਕਾਨਾਂ ਖੋਲ੍ਹਣ ਸਬੰਧੀ ਫ਼ੈਸਲਾ ਸਥਾਨਕ ਪੱਧਰ ‘ਤੇ ਲਿਆ ਜਾਵੇਗਾ।
ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਉਹ ਆਰਥਿਕ ਸਰਗਰਮੀਆਂ ਨੂੰ ਕਿਸੇ ਤਰ੍ਹਾਂ ਵੀ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਪਰ ਸੂਬੇ ‘ਚ ਹੋਈਆਂ 920 ਮੌਤਾਂ ਵੱਡੇ ਦੁੱਖ ਦਾ ਕਾਰਨ ਹਨ ਅਤੇ ਆਉਣ ਵਾਲੇ ਹਫ਼ਤਿਆਂ ‘ਚ ਸਥਿਤੀ ਹੋਰ ਵਿਗੜਨ ਦੀ ਵੀ ਸੰਭਾਵਨਾ ਕੀਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਮੀਟਿੰਗ ਦੌਰਾਨ ਆਦੇਸ਼ ਦਿੱਤਾ ਕਿ ਸੂਬੇ ‘ਚ ਰੋਜ਼ਾਨਾ 20 ਹਜ਼ਾਰ ਟੈੱਸਟਾਂ ਦੀ ਸਮਰੱਥਾ ਨੂੰ ਵਧਾ ਕੇ 30 ਹਜ਼ਾਰ ਕੀਤਾ ਜਾਵੇ ਅਤੇ ਹਰੇਕ ਪਾਜ਼ੇਟਿਵ ਮਰੀਜ਼ ਦੇ ਸੰਪਰਕ ‘ਚ ਆਉਣ ਵਾਲੇ ਘੱਟੋ ਘੱਟ 10 ਲੋਕਾਂ ਦਾ ਟੈੱਸਟ ਲਾਜ਼ਮੀ ਹੋਵੇ।