ਪੰਜਾਬ ਦਿਹਾਤੀ ਸੈਰ-ਸਪਾਟੇ ਨੂੰ ਬੜਾਵਾ ਦੇਵੇਗਾ-ਫਿਲੌਰ

ਚੰਡੀਗੜ 19 ਜੁਲਾਈ (ਏਜੰਸੀ) -ਪੰਜਾਬ ਵਿੱਚ ਸੈਰ ਸਪਾਟੇ ਨੂੰ ਵੱਡੀ ਪੱਧਰ ‘ਤੇ ਹੁਲਾਰਾ ਦੇਣ ਅਤੇ ਦਿਹਾਤੀ ਸੈਰ ਸਪਾਟੇ ਨੂੰ ਬੜਾਵਾ ਦੇਣ ਦੇ ਆਸ਼ੇ ਨਾਲ ਪੰਜਾਬ ਸਰਕਾਰ ਨੇ ਰੂਪਨਗਰ ਜ਼ਿਲ੍ਹੇ ਵਿੱਚ ਚਾਰ ਪਿੰਡਾਂ ਦੇ ਇੱਕ ਕਲਸਟਰ ਦੀ ਸ਼ਨਾਖਤ ਕੀਤੀ ਹੇ। ਇਨ੍ਹਾਂ ਪਿੰਡਾਂ ਵਿੱਚ ਕਟਲੀ, ਬਹਾਦਰਪੁਰ, ਟਿੱਬਾ ਟੱਪਰੀਆਂ ਅਤੇ ਰਣਜੀਤਪੁਰਾ ਸ਼ਾਮਲ ਹਨ। ਇਸ ਕਲਸਟਰ ਦੇ ਬੁਨਿਆਦੀ ਢਾਂਚੇ ਦਾ ਅਜਿਹੇ ਤਰੀਕੇ ਨਾਲ ਵਿਕਾਸ ਕੀਤਾ ਜਾਵੇਗਾ ਕਿ ਪੰਜਾਬ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਇਹ ਇੱਕ ਨਵੀਂ ਚੀਜ਼ ਲੱਗੇ।
ਇਸ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮੰਤਰੀ ਸ਼੍ਰ. ਸਰਵਨ ਸਿੰਘ ਫਿਲੌਰ ਨੇ ਦੱਸਿਆ ਕਿ ਇਹ ਖੇਤਰ ਸੈਰ ਸਪਾਟੇ ਦੇ ਪੱਖ ਤੋਂ ਦਿਹਾਤੀ ਕੁਦਰਤੀ ਵਿਰਾਸਤ ਦੀ ਇੱਕ ਵਿਲੱਖਣ ਤਸਵੀਰ ਪੇਸ਼ ਕਰਦਾ ਹੈ। ਸਤਲੁਜ ਦਰਿਆ ਦਾ ਮਨਮੋਹਕ ਦ੍ਰਿਸ਼ ਇੱਕ ਅਦਭੁੱਤ ਕੁਦਰਤੀ ਨਜ਼ਾਰਾ ਪੇਸ਼ ਕਰਦਾ ਹੈ ਜੋ ਕਿ ਵਿਸ਼ਵ ਦੇ ਮੰਨੇ-ਪ੍ਰਮੰਨੇ ਦਰਿਆਵਾਂ ਵਿਚੋਂ ਇੱਕ ਹੈ। ਦਿਹਾਤੀ ਸੈਰ ਸਪਾਟੇ ਦਾ ਮੁੱਖ ਉਦੇਸ਼ ਸੈਲਾਨੀਆਂ ਨੂੰ ਪੰਜਾਬ ਦੀ ਅਮੀਰ  ਸਭਿਆਚਾਰਕ ਵਿਰਾਸਤ ਦੇ ਨੇੜੇ ਲੈ ਕੇ ਆਉਣਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੁਨੀਆਂ ਭਰ ਖਾਸ ਕਰ ਭਾਰਤ ਵਿੱਚ ਸੈਰ ਸਪਾਟੇ ਦੇ ਹੋਰ ਉਭਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਐਸੋਸੀਏਟਿਡ ਚੈਂਬਰਜ਼ ਆਫ ਕਾਮਰਸ ਐਡ ਇੰਡਸਟਰੀਜ਼ ਦੀ ਇੱਕ ਰਿਪੋਰਟ ਅਨੁਸਾਰ ਸਾਲ 2019 ਤੱਕ ਸੈਰ ਸਪਾਟਾ ਸੈਕਟਰ ਹਰ ਸਾਲ ੮.੮ ਫੀਸਦੀ ਦੀ ਦਰ ਨਾਲ ਵਧੇਗਾ ਅਤੇ ਇਹ ਵਿਸ਼ਵ ਭਰ ਵਿੱਚ ਰੁਜ਼ਗਾਰ ਮੁਹੱਈਆ ਕਰਾਉਣ ਵਾਲਾ ਦੂਜੇ ਨੰਬਰ ਦਾ ਸੱਭ ਤੋਂ ਵੱਡਾ ਖੇਤਰ ਬਣ ਜਾਵੇਗਾ ਜਿਸ ਵਿੱਚ 40 ਮਿਲੀਅਨ ਦੇ ਕਰੀਬ ਨੌਕਰੀਆਂ ਹੋਣਗੀਆਂ। 2019 ਤੱਕ ਭਾਰਤ ਵਿਸ਼ਵ ਸੈਰਸਪਾਟਾ ਮਾਰਕੀਟ ਵਿੱਚ ਤੀਜੇ ਨੰਬਰ ਤੇ ਆ ਜਾਵੇਗਾ। ਜਿਸ ਵਿੱਚ  94.05 ਬਿਲੀਅਨ ਦਾ ਪੂੰਜੀ ਨਿਵੇਸ਼ ਹੋਵੇਗਾ।
ਪੰਜਾਬ ਵਿੱਚ ਸੈਰ ਸਪਾਟੇ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਨੇ 2011 ਤੱਕ 5.29 ਫੀਸਦੀ ਦਾ ਵਾਧਾ ਦਿਖਾਇਆ ਹੈ ਜਿਸ ਦਾ ਸਿਹਰਾ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਨੂੰ ਜਾਂਦਾ ਹੈ। ਪੰਜਾਬ ਵਿੱਚ 2011 ਦੌਰਾਨ 10.11 ਮਿਲੀਅਨ ਸੈਲਾਨੀ ਆਏ ਜਦਕਿ ਸਾਲ 2010 ਵਿੱਚ ਇਨ੍ਹਾਂ ਦੀ ਗਿਣਤੀ 10.05ਮਿਲੀਅਨ ਸੀ। ਉਨ੍ਹਾਂ ਕਿਹਾ ਕਿ  ਵਿਭਾਗ ਨੇ ਰਾਜ ਵਿੱਚ ਸੈਰ ਸਪਾਟੇ ਨੂੰ ਬੜਾਵਾ ਦੇਣ ਲਈ ਇੱਕ ਰੂਪ ਰੇਖਾ ਤਿਆਰ ਕਰ ਲਈ ਹੈ ਤਾਂ ਜੋ ਰਾਜ ਵਿੱਚ ਸੈਲਾਨੀਆਂ ਨੂੰ ਹੋਰ ਆਕ੍ਰਿਸ਼ਤ ਕੀਜਾ ਸਕੇ।