ਮੁਲਾਇਮ ਦੀ ਵੋਟ ਰੱਦ

ਨਵੀਂ ਦਿੱਲੀ – ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਵਲੋ ਰਾਸ਼ਟਰਪਤੀ ਚੋਣ ਲਈ ਪ੍ਰਣਬ ਮੁਖਰਜੀ ਨੂੰ ਪਾਈ ਗਈ ਵੋਟ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਸਤਪਾਲ ਜੈਨ ਦੀ ਸ਼ਿਕਾਇਤ ‘ਤੇ ਸੁਣਵਾਈ ਤੋਂ ਬਾਅਦ 20 ਜੁਲਾਈ ਨੂੰ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਵੋਟ ਨੂੰ ਰੱਦ ਕਰਨ ਦਾ ਫੈਸਲਾ ਸੁਣਾਇਆ। ਕਮਿਸ਼ਨ ਨੇ ਰਿਟਰਨਿੰਗ ਅਫਸਰ ਨੂੰ ਨਿਰਦੇਸ਼ ਦਿੱਤਾ ਹੈ ਕਿ ਸ੍ਰੀ ਯਾਦਵ ਦੀ ਵੋਟ ਗਿਣਤੀ ਵਿੱਚ ਨਾ ਲਈ ਜਾਵੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਮਤਦਾਨ ਨੂੰ ਗੁਪਤ ਰੱਖਣ ਦਾ ਨਿਯਮ ਭੰਗ ਹੋ ਜਾਵੇਗਾ। ਚੋਣ ਕਮਿਸ਼ਨ ਨੇ ਕਿਹਾ ਕਿ ਸ੍ਰੀ ਯਾਦਵ ਨੂੰ ਦੂਸਰਾ ਬੈਲਟ ਪੇਪਰ ਦਿੱਤਾ ਜਾਣਾ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਚੋਣ ਨਿਯਮਾਂਵਲੀ 1974 ਦੇ ਨਿਯਮ 15 ਤਹਿਤ ਮੰਨਣਯੋਗ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਦਿੱਤਾ ਗਿਆ ਦੂਸਰਾ ਬੈਲਟ ਪੇਪਰ ਗਿਣਤੀ ਵਿੱਚ ਨਾ ਲਿਆਂਦਾ ਜਾਵੇ।
ਦੱਸਣਯੋਗ ਹੈ ਕਿ ਯੂ. ਪੀ. ਏ. ਦੇ ਉਮੀਦਵਾਰ ਪ੍ਰਣਬ ਮੁਖਰਜੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਚੁੱਕੇ ਮੁਲਾਇਮ ਸਿੰਘ ਭਾਜਪਾ ਦੇ ਉਮੀਦਵਾਰ ਪੀ. ਏ. ਸੰਗਮਾ ਦੇ ਨਾਂਅ ਉਤੇ ਮੋਹਰ ਲਾ ਬੈਠੇ ਸਨ। ਜਦੋਂ ਉਹ ਆਪਣੀ ਵੋਟ ਮਤ ਪੇਟੀ ਵਿੱਚ ਪਾਉਣ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਮੋਹਰ ਸੰਗਮਾ ਦੇ ਨਾਂਅ ਅੱਗੇ ਲਾ ਦਿੱਤੀ ਹੈ, ਤਾਂ ਉਨ੍ਹਾਂ ਨੇ ਤੁਰੰਤ ਆਪਣੀ ਵੋਟ ਫਾੜ ਦਿੱਤੀ ਸੀ ਅਤੇ ਨਵੀਂ ਵੋਟ ਦਾ ਇਸਤੇਮਾਲ ਕੀਤਾ ਸੀ। ਇਸ ‘ਤੇ ਸੰਗਮਾ ਧੜੇ ਨੇ ਰਿਟਰਨਿੰਗ ਅਫਸਰ ਵੀ.ਕੇ. ਅਗਨੀਹੋਤਰੀ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਮੰਗ ਕੀਤੀ ਸੀ ਕਿ ਦੂਸਰੇ ਬੈਲਟ ਪੇਪਰ ਰਾਹੀਂ ਇਸ ਤਰ੍ਹਾਂ ਵੋਟ ਪਾਉਣਾ ਨਿਯਮਾਂ ਦੇ ਅਧੀਨ ਨਹੀਂ ਹੈ। ਇਸ ਲਈ ਸ੍ਰੀ ਯਾਦਵ ਦੀ ਵੋਟ ਰੱਦ ਕੀਤੀ ਜਾਵੇ।
ਸ੍ਰੀ ਅਗਨੀਹੋਤਰੀ ਨੇ ਕਿਹਾ ਕਿ ਸ੍ਰੀ ਯਾਦਵ ਉਨ੍ਹਾਂ ਕੋਲ ਫਟਿਆ ਹੋਇਆ ਬੈਲਟ ਪੇਪਰ ਲੈ ਕੇ ਆਏ ਸਨ, ਇਸ ਲਈ ਉਨ੍ਹਾਂ ਬੈਲਟ ਪੇਪਰ ਸਹੀ ਨਾ ਹੋਣ ਦੀ ਹਾਲਤ ‘ਚ ਉਨ੍ਹਾਂ ਨੂੰ ਬਦਲਵਾਂ ਬੈਲਟ ਪੇਪਰ ਦਿੱਤਾ ਸੀ। ਇਸ ਪੂਰੇ ਘਟਨਾਕ੍ਰਮ ‘ਤੇ ਭਾਜਪਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ‘ਤੇ ਮੁਲਾਇਮ ਸਿੰਘ ਦੀ ਰਾਸ਼ਟਰਪਤੀ ਦੀ ਵੋਟ ਨੂੰ ਰੱਦ ਕਰ ਦਿੱਤਾ ਗਿਆ।