ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 200 ਤੋਂ ਵੱਧ ਉਮੀਦਵਾਰ ਕਿਸਮਤ ਅਜ਼ਮਾਉਣਗੇ

ਚੰਡੀਗੜ੍ਹ, 3 ਮਈ – ਪੰਜਾਬ ਵਿੱਚ 19 ਮਈ ਨੂੰ 13 ਸੰਸਦੀ ਹਲਕਿਆਂ ਲਈ ਪੈਣ ਵਾਲੀਆਂ ਵੋਟਾਂ ਵਾਸਤੇ ਨਾਮਜ਼ਦਗੀਆਂ ਦਾ ਕੰਮ 2 ਮਈ ਨੂੰ ਪੂਰਾ ਹੋ ਗਿਆ ਤੇ ਹੁਣ 200 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ। ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ ਪਰ ਕੁੱਝ ਇੱਕ ਥਾਂ ਉੱਤੇ ਆਮ ਆਦਮੀ ਪਾਰਟੀ (ਆਪ) ਤੇ ਤੀਜੇ ਫ਼ਰੰਟ ਦਾ ਵੀ ਜ਼ੋਰ ਲੱਗ ਰਿਹਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਸਰਕਾਰ ਦਾ ਵੱਕਾਰ ਜਿੱਥੇ ਦਾਅ ਉੱਤੇ ਲੱਗਾ ਹੋਇਆ ਹੈ ਉੱਥੇ ਹੀ ਅਕਾਲੀ ਦਲ-ਭਾਜਪਾ ਗੱਠਜੋੜ, ਆਪ, ਪੰਜਾਬ ਏਕਤਾ ਪਾਰਟੀ ਅਤੇ ਹੋਰ ਸਿਆਸੀ ਪਾਰਟੀਆਂ ਵੀ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਪੰਜਾਬ ਦੇ 13 ਸੰਸਦੀ ਹਲਕਿਆਂ ਦੀ ਚੋਣਾਂ ਲਈ ਕਾਂਗਰਸ ਪਾਰਟੀ ਨੇ 13, ਸ਼੍ਰੋਮਣੀ ਅਕਾਲੀ ਦਲ ਨੇ 10, ਭਾਰਤੀ ਜਨਤਾ ਪਾਰਟੀ ਨੇ 3 (ਗੱਠਜੋੜ), ਆਪ ਨੇ 13 ਅਤੇ ਪੰਜਾਬ ਜਮਹੂਰੀ ਗੱਠਜੋੜ ਜਿਸ ਵਿੱਚ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ ਅਤੇ ਹੋਰ ਧੜੇ ਸ਼ਾਮਲ ਹਨ, ਨੇ ਵੀ 13 ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੇ ਅਕਾਲੀ ਦਲ (ਅੰਮ੍ਰਿਤਸਰ) ਨੇ ਵੀ ਕੁੱਝ ਹਲਕਿਆਂ ਤੋਂ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਇਨ੍ਹਾਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਬਠਿੰਡਾ ਸੰਸਦੀ ਹਲਕੇ ਤੋਂ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਕਿਸਾਨ ਦੀ ਵਿਧਵਾ ਨੇ ਵੀ ਚੁਣੌਤੀ ਦਿੱਤੀ ਹੈ।
ਇਨ੍ਹਾਂ ਚੋਣਾਂ ਵਿੱਚ ਮੁੱਖ ਤੌਰ ‘ਤੇ ਜਿਨ੍ਹਾਂ ਸਿਆਸੀ ਹਸਤੀਆਂ ਦੀ ਕਿਮਸਤ ਦਾਅ ਉੱਤੇ ਹੈ ਉਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਤੇ ਪ੍ਰਧਾਨ ਸੁਨੀਲ ਜਾਖੜ, ਫਿਲਮ ਅਦਾਕਾਰ ਅਜੈ ਸਿੰਘ ਉਰਫ਼ ਸਨੀ ਦਿਓਲ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ (ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ), ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਹਰਦੀਪ ਸਿੰਘ ਪੁਰੀ, ਸਾਂਸਦ ਰਵਨੀਤ ਸਿੰਘ ਬਿੱਟੂ, ਸਾਂਸਦ ਭਗਵੰਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਸਾਂਸਦ ਧਰਮਵੀਰ ਗਾਂਧੀ, ਬੀਬੀ ਪਰਮਜੀਤ ਕੌਰ ਖਾਲੜਾ, ਬੀਬੀ ਜਗੀਰ ਕੌਰ, ਸ਼ੇਰ ਸਿੰਘ ਘੁਬਾਇਆ, ਤਿੰਨ ਸਾਬਕਾ ਨੌਕਰਸ਼ਾਹ ਦਰਬਾਰਾ ਸਿੰਘ ਗੁਰੂ, ਡਾ. ਅਮਰ ਸਿੰਘ ਅਤੇ ਸੋਮ ਪ੍ਰਕਾਸ਼ ਆਦਿ ਹਨ।