ਪ੍ਰਧਾਨ ਮੰਤਰੀ ਮੋਦੀ ਫ਼ਿਰੋਜ਼ਪੁਰ ਰੈਲੀ ਰੱਦ ਕਰਕੇ ਦਿੱਲੀ ਵਾਪਸ ਪਰਤੇ

ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਣ ਪ੍ਰਧਾਨ ਮੰਤਰੀ 20 ਮਿੰਟ ਤੱਕ ਫਲਾਈਓਵਰ ‘ਤੇ ਫਸੇ ਰਹੇ
ਫ਼ਿਰੋਜ਼ਪੁਰ/ਨਵੀਂ ਦਿੱਲੀ, 5 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫ਼ਿਰੋਜ਼ਪੁਰ ਦਾ ਆਪਣਾ ਦੌਰਾ ਤੇ ਰੈਲੀ ਰੱਦ ਕਰ ਦਿੱਤੀ, ਜਿੱਥੇ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਦੇ ਨਾਲ ਰੈਲੀ ਨੂੰ ਸੰਬੋਧਨ ਕਰਨਾ ਸੀ। ਪ੍ਰਧਾਨ ਮੰਤਰੀ ਮੋਦੀ ਦਾ ਪੰਜਾਬ ਦੌਰਾ ਰੱਦ ਕਰਨ ਦਾ ਕਾਰਣ ਭਾਵੇਂ ਮੌਸਮ ਦੀ ਖ਼ਰਾਬੀ ਦੱਸਿਆ ਜਾ ਰਿਹਾ ਹੈ ਪਰ ਕਿਸਾਨਾਂ ਵੱਲੋਂ ਸੜਕ ਜਾਮ ਕੀਤੇ ਜਾਣ ਕਾਰਣ ਉਨ੍ਹਾਂ ਦੌਰਾ ਰੱਦ ਕਰ ਦਿੱਤਾ। ਕਿਸਾਨ ਇਸ ਦੌਰੇ ਦਾ ਵਿਰੋਧ ਕਰ ਰਹੇ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫ਼ਿਰੋਜ਼ਪੁਰ ਵਿੱਚ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਪੰਜਾਬ ਪਹੁੰਚੇ। ਸ੍ਰੀ ਮੋਦੀ ਹਵਾਈ ਜਹਾਜ਼ ਰਾਹੀਂ ਬਠਿੰਡਾ ਉੱਤਰੇ ਅਤੇ ਖ਼ਰਾਬ ਮੌਸਮ ਦੇ ਕਰਕੇ ਹੈਲੀਕਾਪਟਰ ਦੀ ਵਜਾਏ ਸੜਕੀ ਰਸਤੇ ਰਾਹੀਂ ਫ਼ਿਰੋਜ਼ਪੁਰ ਨੂੰ ਚੱਲੇ। ਹਵਾਈ ਜਹਾਜ਼ ਰਾਹੀਂ ਬਠਿੰਡਾ ਪੁੱਜਣ ‘ਤੇ ਉਨ੍ਹਾਂ ਦਾ ਸਵਾਗਤ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੌਸਮ ਦੀ ਖ਼ਰਾਬੀ ਕਾਰਣ ਬਠਿੰਡਾ ਤੋਂ ਫ਼ਿਰੋਜ਼ਪੁਰ ਤੱਕ ਸੜਕੀ ਯਾਤਰਾ ਕਰਨਾ ਪ੍ਰਧਾਨ ਮੰਤਰੀ ਦਾ ਅੰਤਿਮ ਸਮੇਂ ਲਿਆ ਫ਼ੈਸਲਾ ਸੀ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨੇ ਹਵਾਈ ਯਾਤਰਾ ਕਰਨੀ ਸੀ ਪਰ ਯਾਤਰਾ ਦੀ ਯੋਜਨਾ ਬਦਲੀ ਗਈ। ਚੰਨੀ ਨੇ ਕਿਹਾ ਕਿ ਭਾਜਪਾ ਪੰਜਾਬ ਸਰਕਾਰ ‘ਤੇ ਸਿਆਸੀ ਕਾਰਣਾਂ ਕਰਕੇ ਦੋਸ਼ ਲਗਾ ਰਹੀ ਹੈ।
ਜਦੋਂ ਪ੍ਰਧਾਨ ਮੰਤਰੀ ਮੋਦੀ ਸੜਕੀ ਮਾਰਗ ਰਾਹੀ ਜਾ ਰਹੇ ਸਨ ਤਾਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਣ ਉਹ ਪੰਜਾਬ ‘ਚ ਫ਼ਿਰੋਜ਼ਪੁਰ ਜਾਣ ਵਾਲੇ ਰਸਤੇ ਵਿੱਚ 15 ਤੋਂ 20 ਮਿੰਟਾਂ ਤੱਕ ਫਲਾਈਓਵਰ ‘ਤੇ ਫਸੇ ਰਹੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਖ਼ਾਮੀ ਹੈ। ਸੁਰੱਖਿਆ ਖ਼ਾਮੀਆਂ ਕਾਰਣ ਪ੍ਰਧਾਨ ਮੰਤਰੀ ਨੂੰ ਫ਼ਿਰੋਜ਼ਪੁਰ ਜਾਂਦਿਆਂ ਰਾਹ ਵਿੱਚੋਂ ਮੁੜ ਬਠਿੰਡਾ ਹਵਾਈ ਅੱਡੇ ‘ਤੇ ਆਉਣਾ ਪਿਆ। ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਵਿਸਥਾਰ ਨਾਲ ਰਿਪੋਰਟ ਤਲਬ ਕਰ ਲਈ ਹੈ। ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਸੁਰੱਖਿਆ ਖ਼ਾਮੀਆਂ ਲਈ ਜ਼ਿੰਮੇਵਾਰ ਲੋਕਾਂ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਖ਼ਬਰ ਏਜੰਸੀ ਐਨਆਈਏ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਫੇਰੀ ਰੱਦ ਕਰਨ ਤੋਂ ਬਾਅਦ ਬਠਿੰਡਾ ਹਵਾਈ ਅੱਡੇ ‘ਤੇ ਪਹੁੰਚ ਕੇ ਪੰਜਾਬ ਸਰਕਾਰ ਦੇ ਅਫ਼ਸਰਾਂ ਨੂੰ ਕਿਹਾ ਕਿ, ‘ਆਪਣੇ ਸੀਐਮ ਕੋ ਧੰਨਵਾਦ ਦੇਨਾ ਮੈਂ ਵਹਾਂ ਸੇ ਜ਼ਿੰਦਾ ਲੋਟ ਪਾਇਆ’।