ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 17 ਨਵੇਂ ਕੇਸ

ਵੈਲਿੰਗਟਨ, 5 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 17 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਬਾਰਡਰ ਤੋਂ 23 ਕੇਸ ਆਏ ਹਨ।
ਡੈਲਟਾ ਪ੍ਰਕੋਪ ਦੇ ਨਵੇਂ ਕਮਿਊਨਿਟੀ ਕੇਸਾਂ ਵਿੱਚੋਂ, ਸਿਰਫ਼ 5 ਕੇਸ ਆਕਲੈਂਡ ‘ਚ ਹਨ, ਗੌਰਤਲਬ ਹੈ ਕਿ 17 ਅਗਸਤ ਨੂੰ ਡੈਲਟਾ ਲੌਕਡਾਉਨ ਦੇ ਪਹਿਲੇ ਦਿਨ ਤੋਂ ਹੁਣ ਤੱਕ ਕੇਸਾਂ ਦੇ ਮਾਮਲੇ ਵਿੱਚ ਸ਼ਹਿਰ ‘ਚ ਸਭ ਤੋਂ ਛੋਟਾ ਸਿੰਗਲ ਦਿਨ ਰਿਕਾਰਡ ਕੀਤਾ ਗਿਆ ਹੈ। ਅੱਜ ਦੇ ਨਵੇਂ 17 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,002 ਹੋ ਗਈ ਹੈ। ਇਨ੍ਹਾਂ 17 ਕੇਸਾਂ ਵਿੱਚੋਂ ਆਕਲੈਂਡ ‘ਚ 5 ਕੇਸ, 3 ਕੇਸ ਵਾਇਕਾਟੋ ‘ਚ ਅਤੇ 9 ਕੇਸ ਬੇਅ ਆਫ਼ ਪਲੇਨਟੀ ਵਿੱਚ ਹੈ। ਤਾਰਾਨਾਕੀ ਵਿੱਚ ਦੋ ਹੋਰ ਮਾਮਲਿਆਂ ਦਾ ਐਲਾਨ ਕੀਤੀ ਗਿਆ ਹੈ ਪਰ ਉਹ ਕੱਲ੍ਹ ਦੀ ਗਿਣਤੀ ਵਿੱਚ ਸ਼ਾਮਿਲ ਕੀਤੇ ਜਾਣਗੇ ਕਿਉਂਕਿ ਉਹ ਅੱਜ ਦੀ ਕੱਟ-ਆਫ਼ ਮਿਆਦ ਤੋਂ ਬਾਅਦ ਰਿਪੋਰਟ ਕੀਤੇ ਗਏ ਸਨ।
ਵਾਇਰਸ ਨਾਲ ਹਸਪਤਾਲ ਵਿੱਚ 44 ਲੋਕ ਹਨ। ਜਿਨ੍ਹਾਂ ਵਿੱਚੋਂ 8 ਕੇਸ ਨੌਰਥ ਸ਼ੋਰ, 14 ਕੇਸ ਆਕਲੈਂਡ ਸਿਟੀ ਹਸਪਤਾਲ, 17 ਮਿਡਲਮੋਰ ‘ਚ, 4 ਟੌਰੰਗਾ ‘ਚ ਅਤੇ 1 ਮਰੀਜ਼ ਰੋਟੋਰੂਆ ਵਿੱਚ ਹੈ। 5 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 52 ਸਾਲ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਜਦੋਂ ਕਿ ਬਾਰਡਰ ਦੇ ਕੇਸਾਂ ਦੀ ਪੂਰੀ ਜੀਨੋਮ ਸੀਕਵੈਂਸਿੰਗ ਅਜੇ ਪੂਰੀ ਹੋਣੀ ਬਾਕੀ ਹੈ, ਪਰ ਇਹ ਉਮੀਦ ਕੀਤੀ ਜਾਂਦੀ ਸੀ ਕਿ ਜ਼ਿਆਦਾਤਰ ਓਮੀਕਰੋਨ ਰੂਪ ਹੋਣਗੇ। ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਕੋਵਿਡ -19 ਦੇ ਇਸ ਰੂਪ ਦਾ ਵਿਸ਼ਵ ਪੱਧਰ ‘ਤੇ ਮਹੱਤਵਪੂਰਣ ਪ੍ਰਭਾਵ ਜਾਰੀ ਹੈ, ਇਸ ਲਈ ਬਾਰਡਰ ‘ਤੇ ਓਮੀਕਰੋਨ ਦੇ ਮਾਮਲਿਆਂ ਵਿੱਚ ਵਾਧਾ ਵੇਖਣਾ ਅਚਾਨਕ ਨਹੀਂ ਹੈ।