ਪੰਜਾਬ ਵੱਲੋਂ ਸਨਅਤੀ ਪਲਾਟ ਧਾਰਕਾਂ ਨੂੰ ਵੱਡੀ ਰਾਹਤ

ਪਲਾਟ ਦਾ 10 ਫੀਸਦੀ ਅਹਾਤਾ ਵਰਤਣ ਦੀ ਪ੍ਰਵਾਨਗੀ
ਚੰਡੀਗੜ੍ਹ, 18 ਜੂਨ – ਪੰਜਾਬ ਸਰਕਾਰ ਨੇ ਫੋਕਲ ਪੁਆਇੰਟਾਂ ਦੇ ਸਨਅਤੀ ਪਲਾਟ ਧਾਰਕਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਨੂੰ ਪਲਾਟ ਦਾ ਅਹਾਤਾ 10 ਫੀਸਦੀ ਵਰਤਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ ਵੱਖ ਫੋਕਲ ਪੁਆਇੰਟਾਂ ਦੇ ਸਨਅਤੀ ਪਲਾਟ ਧਾਰਕ ਹੁਣ ਪਲਾਟ ਦੇ 10 ਫੀਸਦੀ ਅਹਾਤੇ ਦੀ ਵਰਤੋਂ ਕਰਦੇ ਹੋਏ ਉਹ ਇਨ੍ਹਾਂ ਨੂੰ ਆਪਣੀਆਂ ਵਸਤਾਂ ਡਿਸਪਲੇ ਕਰਨ ਲਈ ਵਰਤ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪਲਾਟ ਧਾਰਕਾਂ ਨੂੰ ਇਮਾਰਤਾਂ ਦੇ ਨਿਰਮਾਣ ਸਬੰਧੀ ਨਿਯਮਾਂ ਮੁਤਾਬਕ ਅਹਾਤੇ ਵਿੱਚ ਆਪਣੇ ਫੈਕਟਰੀ ਸੇਲ ਆਊਟਲੈਟ ਬਣਾਉਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਪੀ.ਐਸ.ਆਈ.ਈ.ਸੀ. ਪਲਾਟ ਧਾਰਕਾਂ ਨੂੰ ਬਗੈਰ ਸੀ.ਐਲ.ਯੂ. ਫੀਸ ਲਏ ਇਸ ਨਿਰਮਾਣ ਦੀ ਪ੍ਰਵਾਨਗੀ ਦੇਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਨਅਤੀ ਪਲਾਟ ਧਾਰਕਾਂ ਨੂੰ ਆਪਣੇ ਅਹਾਤੇ ਵਿੱਚ ਐਂਟਰੀ ਗੇਟ ਬਣਾਉਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਜੇਕਰ ਉਦਯੋਗ ਅਤੇ ਕਮਰਸ ਵਿਭਾਗ ਵੱਲੋਂ ਇਕ ਪਲਾਟ ਵਿੱਚ ਇਕ ਤੋਂ ਵੱਧ ਯੂਨਿਟ ਲਾਉਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਤਾਂ ਪਲਾਟ ਧਾਰਕ ਇਨ੍ਹਾਂ ਯੂਨਿਟਾਂ ਦੇ ਅਹਾਤਿਆਂ ਵਿੱਚ ਵੀ ਐਂਟਰੀ ਗੇਟ ਬਣਾ ਸਕਦੇ ਹਨ। ਇਨ੍ਹਾਂ ਯੂਨਿਟਾਂ ਵਿੱਚ 10 ਹਜ਼ਾਰ ਰੁਪਏ ਪ੍ਰਤੀ ਐਂਟਰੀ ਗੇਟ ਫੀਸ ਅਦਾ ਕਰਕੇ ਗੇਟ ਬਣਾਇਆ ਜਾ ਸਕਦਾ ਹੈ।  ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਫੋਕਲ ਪੁਆਇੰਟ ਜਲੰਧਰ (ਐਕਸਟੈਨਸ਼ਨ) ਦੇ ਪਲਾਟ ਧਾਰਕਾਂ ਨੂੰ ਪਲਾਟਾਂ ਦੀ ਵਧੀ ਹੋਈ ਕੀਮਤ ‘ਤੇ ਅੰਤਰਿਮ ਰਾਹਤ ਦੇ ਚੁੱਕੀ ਹੈ।