ਮੁੱਖ ਸਕੱਤਰ ਵਲੋਂ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਦੀ ਰੋਕਥਾਮ ਲਈ ਨਿਰਦੇਸ਼

ਸੰਵੇਦਨਸ਼ੀਲ ਸਥਾਨਾਂ ‘ਤੇ 24 ਘੰਟੇ ਚੌਕਸੀ ਵਰਤਣ ਦੇ ਆਦੇਸ਼
ਚੰਡੀਗੜ੍ਹ, ੧੯ ਜੂਨ – ਪੰਜਾਬ ਦੇ ਮੁੱਖ ਸਕੱਤਰ ਸ੍ਰੀ ਰਾਕੇਸ਼ ਸਿੰਘ ਵਲੋਂ ਅੱਜ ਸੂਬੇ ਵਿੱਚ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਗਏ ਅਗਾਊਂ ਪ੍ਰਬੰਧਾਂ ਅਤੇ ਪ੍ਰਸ਼ਾਸਨ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਦੀ ਉੱਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਉਨ੍ਹਾਂ ਅਧਿਕਾਰੀਆਂ ਨੂੰ ਸੰਭਾਵੀ ਹੜ੍ਹਾਂ ਦੀ ਰੋਕਥਾਮ ਦੀ ਤਿਆਰੀ ਰੱਖਣ ਦੇ ਆਦੇਸ਼ ਦਿੰਦਿਆਂ ਸੰਵੇਦਨਸ਼ੀਲ ਥਾਂਵਾਂ ਦੀ 24 ਘੰਟੇ ਚੌਕਸੀ ਵਰਤਣ ਦੇ ਆਦੇਸ਼ ਵੀ ਦਿੱਤੇ।
ਮੁੱਖ ਸਕੱਤਰ ਨੇ ਅੱਜ ਹੜ੍ਹਾਂ ਦੀ ਰੋਕਥਾਮ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸੂਬੇ ਦੇ ਸਮੂਹ ਪ੍ਰਸ਼ਾਸਨ ਨੂੰ ਮੌਨਸੂਨ ਰੁੱਤ ਲਈ ਜ਼ਰੂਰੀ ਅਗੇਤੇ ਇੰਤਜ਼ਾਮ ਕਰਨ ਦੇ ਨਾਲ ਨਾਲ ਕਿਸੇ ਕਿਸਮ ਦੀ ਤਤਕਾਲੀ ਸਥਿਤੀ ਨਾਲ ਨਿਪਟਣ ਵਾਸਤੇ ਸਾਰਾ ਸਾਜ਼ੋ-ਸਾਮਾਨ ਤਿਆਰ-ਬਰ-ਤਿਆਰ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰ ਜ਼ਿਲ੍ਹੇ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ ਜਿਸ ਨੂੰ ਸਿਰਫ਼ ਹੰਗਾਮੀ ਹਾਲਤ ਵਿੱਚ ਹੜ੍ਹਾਂ ਦੌਰਾਨ ਰਾਹਤ ਕਾਰਜਾਂ ਦੌਰਾਨ ਵਰਤਣ ਲਈ ਰਾਖਵਾਂ ਰੱਖਿਆ ਜਾਵੇਗਾ।
ਸ੍ਰੀ ਰਾਕੇਸ਼ ਸਿੰਘ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਦਿੰਦਿਆਂ ਆਖਿਆ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਨਾਜ਼ਕ ਥਾਂਵਾਂ ‘ਤੇ ਕਰੜੀ ਨਿਗ੍ਹਾ ਰੱਖਣ ਤਾਂ ਕਿ ਮੌਨਸੂਨ ਰੁੱਤ ਦੌਰਾਨ ਵੱਧ ਮੀਂਹ ਪੈਣ ਨਾਲ ਪੈਦਾ ਹੋਈ ਸਥਿਤੀ ਨਾਲ ਫੌਰੀ ਤੌਰ ‘ਤੇ ਪ੍ਰਭਾਵੀ ਢੰਗ ਨਾਲ ਨਿਪਟਿਆ ਜਾ ਸਕੇ। ਇਸ ਤੋਂ ਇਲਾਵਾ ਸਿੰਜਾਈ, ਮਾਲ ਤੇ ਮੁੜ ਵਸੇਬਾ, ਸਿਹਤ, ਤਾਲਮੇਲ, ਜਲ ਸਪਲਾਈ ਤੇ ਹੋਰ ਸਬੰਧਿਤ ਵਿਭਾਗਾਂ ਦਰਮਿਆਨ ਬਿਹਤਰੀਨ ਤਾਲਮੇਲ ਬਿਠਾਉਣ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਡੀ. ਸੀਜ਼ ਨੂੰ ਕਿਹਾ ਕਿ ਉਹ ਆਪੋ-ਆਪਣੇ ਜ਼ਿਲਿਆਂ ਵਿੱਚ ਸਿੰਜਾਈ ਵਿਭਾਗ ਦੇ ਐਕਸੀਅਨ ਨੂੰ ਨਹਿਰਾਂ ਦੇ ਸੰਵੇਦਨਸ਼ੀਲ ਦੀ ਚੌਕਸੀ ਲਈ ਜਵਾਬਦੇਹ ਬਣਾਉਣ।
ਮੁੱਖ ਸਕੱਤਰ ਨੇ ਇਹ ਨਿਰਦੇਸ਼ ਵੀ ਜਾਰੀ ਕੀਤੇ ਕਿ ਸਮੂਹ ਵੱਡੇ ਸ਼ਹਿਰਾਂ ਵਿੱਚ ਨੀਵੀਂ ਥਾਂ ਵਾਲੇ ਇਲਾਕਿਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਜਿੱਥੇ ਭਾਰੀ ਮੀਂਹ ਦੀ ਸੂਰਤ ਵਿੱਚ ਪਾਣੀ ਇਕੱਠਾ ਹੋ ਸਕਦਾ ਹੈ। ਉਨ੍ਹਾਂ ਇਨ੍ਹਾਂ ਥਾਂਵਾਂ ‘ਤੇ ਹੰਗਾਮੀ ਹਾਲਤਾਂ ਮੌਕੇ ਨਜਿੱਠਣ ਲਈ ਲੋੜੀਂਦਾ ਸਾਜੋ-ਸਮਾਨ ਜਿਵੇਂ ਪੰਪ ਸੈਟ, ਦਵਾਈਆਂ ਆਦਿ ਦਾ ਅਗਾਊਂ ਪ੍ਰਬੰਧ ਦੇ ਨਿਰਦੇਸ਼ ਵੀ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਥਾਂਵਾਂ ਦੀ ਵੀ ਨਿਸ਼ਾਨਦੇਹੀ ਕਰਨ ਨੂੰ ਵੀ ਕਿਹਾ ਜਿੱਥੇ ਰਾਹਤ ਕੈਂਪ ਲਗਾਏ ਜਾ ਸਕਣ।
ਇਸ ਮੌਕੇ ਮੁੱਖ ਸਕੱਤਰ ਨੇ ਪੰਜਾਬ ਵਿੱਚ ਖਣਨ ਵਾਲੇ ਕੰਮਾਂ ਦਾ ਜਾਇਜ਼ਾ ਵੀ ਲਿਆ। ਇਹ ਦੱਸਿਆ ਗਿਆ ਕਿ ਸੂਬੇ ਵਿੱਚ ਕੁੱਲ 46 ਖਾਣਾਂ ੫ ਹੈਕਟੇਅਰ ਤੋਂ ਘੱਟ ਰਕਬੇ ਵਾਲੀਆਂ ਅਤੇ 23 ਖਾਣਾਂ ੫ ਹੈਕਟੇਅਰ ਤੋਂ ਵੱਧ ਰਕਬੇ ਵਾਲੀਆਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰੇਤਾ ਅਤੇ ਬਜਰੀ ਦੀ ਲੋੜ ਪੂਰੀ ਕਰਨ ਲਈ 115 ਨਵੀਆਂ ਖਾਣਾਂ ਦੀ ਨਿਲਾਮੀ 1 ਤੋਂ 3 ਜੁਲਾਈ 2013 ਤੱਕ ਕਰਵਾਈ ਜਾ ਰਹੀ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ.ਸੰਧੂ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਪੀ. ਐਸ. ਔਜਲਾ, ਵਿੱਤ ਕਮਿਸ਼ਨਰ ਮਾਲ ਸ੍ਰੀ ਐਨ. ਐਸ. ਕੰਗ, ਪ੍ਰਮੁੱਖ ਸਕੱਤਰ ਉਦਯੋਗ ਸ੍ਰੀ ਕਰਨ ਏ. ਸਿੰਘ, ਪ੍ਰਮੁੱਖ ਸਕੱਤਰ ਸਿਹਤ ਸ੍ਰੀਮਤੀ ਵਿੰਨੀ ਮਹਾਜਨ, ਪ੍ਰਮੁੱਖ ਸਕੱਤਰ ਤਾਲਮੇਲ ਅਤੇ ਜਲ ਸਪਲਾਈ ਸ੍ਰੀ ਸੰਜੇ ਕੁਮਾਰ, ਸਕੱਤਰ ਵਿੱਤ ਸ੍ਰੀ ਜਸਪਾਲ ਸਿੰਘ, ਡਾਇਰੈਕਟਰ ਉਦਯੋਗ ਸ੍ਰੀ ਵਿਕਾਸ ਪ੍ਰਤਾਪ, ਆਈ. ਜੀ. ਬਠਿੰਡਾ ਸ੍ਰੀ ਨਿਰਮਲ ਸਿੰਘ ਢਿੱਲੋਂ ਸਮੇਤ ਸਾਰੇ ਡਿਪਟੀ ਕਮਿਸ਼ਨਰ ਸ਼ਾਮਲ ਸਨ।