ਪੰਜਾਬ ਸਰਕਾਰ ਨੇ ਸ੍ਰੀ ਹੇਮਕੁੰਟ ਸਾਹਿਬ ‘ਚ ਫਸੇ ਧਾਰਮਿਕ ਯਾਤਰੀਆਂ ਨੂੰ ਕੱਢਣ ਲਈ ਇੱਕ ਪ੍ਰਾਈਵੇਟ ਹੈਲੀਕਾਪਟਰ ਕਿਰਾਏ ‘ਤੇ ਲਿਆ

ਚੰਡੀਗੜ੍ਹ, 19 ਜੂਨ – ਪੰਜਾਬ ਸਰਕਾਰ ਨੇ ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਦੇ ਲਾਗਲੇ ਇਲਾਕਿਆਂ ਵਿੱਚ ਫਸੇ ਧਾਰਮਿਕ ਯਾਤਰੀਆਂ ਨੂੰ ਬਚਾਉਣ ਲਈ ਇੱਕ ਪ੍ਰਾਈਵੇਟ ਹੈਲੀਕਾਪਟਰ ਕਿਰਾਏ ‘ਤੇ ਲਿਆ ਹੈ।
ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਹਦਾਇਤਾਂ ‘ਤੇ ਵਿਸ਼ੇਸ਼ ਸਕੱਤਰ ਸ੍ਰੀ ਕੇ. ਐਸ. ਪਨੂੰ, ਆਈ. ਏ. ਐਸ. ਅਤੇ ਡੀ. ਆਈ. ਜੀ. ਸ੍ਰੀ ਖੁਬੀ ਰਾਮ, ਆਈ. ਪੀ. ਐਸ. ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਟੀਮ ਵੀ ਗਠਿਤ ਕੀਤੀ ਹੈ ਜੋ ਚਲ ਰਹੇ ਬਚਾਊ ਕਾਰਜਾਂ ‘ਤੇ ਨਿਗਰਾਨੀ ਰੱਖਣ ਅਤੇ ਤਾਲਮੇਲ ਕਰਨ ਲਈ ਦੇਹਰਾਦੂਨ ਚਲੀ ਗਈ ਹੈ ਤਾਂ ਜੋ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸੜਕਾਂ ਦੇ ਟੁੱਟਣ ਕਰਕੇ ਫਸੇ ਧਾਰਮਿਕ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਟੀਮ ਬਚਾਊ ਕਾਰਵਾਈਆਂ ਲਈ ਤਾਲਮੇਲ ਕਰਨ ਲਈ ਜੋਸ਼ੀ ਮੱਠ ਅਤੇ ਸ੍ਰੀ ਹੇਮਕੁੰਟ ਸਾਹਿਬ ਦਾ ਵੀ ਦੌਰਾ ਕਰੇਗੀ।
ਪੰਜਾਬ ਦੇ ਮੁੱਖ ਸਕੱਤਰ ਸ੍ਰੀ ਰਕੇਸ਼ ਸਿੰਘ ਆਪਣੇ ਅਧਿਕਾਰੀਆਂ ਦੇ ਨਾਲ ਉੱਤਰਾਖੰਡ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਬਚਾਊ ਕਾਰਵਾਈਆਂ ਵਿੱਚ ਹਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।