ਪੰਜਾਬ ਵਿੱਚ ਬਿਜਲੀ ਕੁਨੈਕਸ਼ਨ ਲਈ ਦਰਖਾਸਤ ਦੇਣ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ

ਬਿਜਲੀ ਕਾਰਪੋਰੇਸ਼ਨ ਨੇ ਸ਼ੁਰੂ ਕੀਤੀ ਆਨ-ਲਾਈਨ ਪ੍ਰਣਾਲੀ
ਚੰਡੀਗੜ੍ਹ, 19 ਜੂਨ – ਪੰਜਾਬ ਵਿੱਚ ਬਿਜਲੀ ਦਾ ਕੁਨੈਕਸ਼ਨ ਲੈਣ ਲਈ ਹੁਣ ਬਿਜਲੀ ਘਰ ਵਿੱਚ ਨਿੱਜੀ ਤੌਰ ਤੇ ਜਾਂ ਫਾਈਲਾਂ ਜਮਾ ਕਰਵਾਉਣ ਲਈ ਲੰਬੀ ਲਾਇਨ ਵਿੱਚ ਲੱਗਣ ਦੀ ਲੋੜ ਨਹੀਂ ਪਵੇਗੀ, ਬਲਕਿ ਤੁਸੀਂ ਘਰ ਬੈਠ ਕੇ ਹੀ ਆਪਣੇ ਕੰਪਿਊਟਰ ਤੋਂ ਇਸ ਲਈ ਬਿਨੈ-ਪੱਤਰ ਦੇ ਸਕੋਗੇ। ਪੰਜਾਬ ਸਰਕਾਰ ਦੇ ਲੋਕ ਸੇਵਾਵਾਂ ਨੂੰ ਆਨਲਾਈਨ ਕਰਨ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਪੰਜਾਬ ਬਿਜਲੀ ਕਾਰਪੋਰੇਸ਼ਨ ਨੇ ਇਹ ਪਹਿਲਕਦਮੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬਿਨੈਕਾਰ ਆਪਣੀ ਫਾਈਲ ਦਾ ਸਟੇਟਸ ਵੀ ਘਰ ਬੈਠੇ ਆਪਣੇ ਕੰਪਿਊਟਰ ਤੋਂ ਪਤਾ ਕਰ ਸਕਣਗੇ।
ਬੁਲਾਰੇ ਅਨੁਸਾਰ ਪੰਜਾਬ ਸਰਕਾਰ ਜਿੱਥੇ ‘ਰਵਾਇਤੀ ਫਾਈਲ ਸਭਿਆਚਾਰ’ ਨੂੰ ਖਤਮ ਕਰਨ ਲਈ ਠੋਸ ਕਦਮ ਉਠਾ ਰਹੀ ਹੈ, ਉਥੇ ਖਪਤਕਾਰਾਂ ਦੇ ਕੰਮ ਨੂੰ ਅਸਾਨ ਕਰਕੇ ਲੋਕਾਂ ਪ੍ਰਤੀ ਸਿਸਟਮ ਨੂੰ ਜਵਾਬਦੇਹ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਕਾਰਪੋਰੇਸ਼ਨ, ਜੋ ਕਿ ਲੋਕਾਂ ਨਾਲ ਜੁੜਿਆ ਹੋਇਆ ਅਦਾਰਾ ਹੈ ਅਤੇ ਨਿਤ ਲੋਕਾਂ ਦਾ ਇਸ ਨਾਲ ਵਾਹ ਪੈਂਦਾ ਹੈ, ਵਿਖੇ ਲੋਕਾਂ ਦੀ ਖ਼ੱਜਲ-ਖ਼ੁਆਰੀ ਘੱਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਨ-ਲਾਈਨ ਅਰਜ਼ੀ ਦੇਣ ਵਾਲੇ ਬਿਨੈਕਾਰ ਨੂੰ ਇਕ ਯੂਨੀਕ ਨੰਬਰ ਜਾਰੀ ਹੋ ਜਾਵੇਗਾ, ਜਿਸ ਰਾਹੀਂ ਉਹ ਅਰਜ਼ੀ ਦੀ ਪੈਰਵਾਈ ਵੇਖ ਸਕੇਗਾ। ਇਸ ਤਰਾਂ ਖਪਤਕਾਰ ਦੀ ਪਰੇਸ਼ਾਨੀ ਘਟੇਗੀ ਅਤੇ ਉਸ ਦੇ ਸਮੇਂ ਤੇ ਪੈਸੇ ਦੀ ਬਚਤ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਹਾਲ ਹੀ ਵਿੱਚ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬਿਜਲੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਰਵਾਇਤੀ ਢੰਗ ਤਰੀਕੇ ਬਦਲ ਕੇ ਕੰਮ ਨੂੰ ਸਮਾਂ ਬਚਾਓ, ਸੌਖਾ ਅਤੇ ਖਪਤਕਾਰ ਪੱਖੀ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਿਸ ਤਹਿਤ ਕਾਰਪੋਰੇਸ਼ਨ ਕਈ ਸਕੀਮਾਂ ਲਈ ਆਨ-ਲਾਈਨ ਪ੍ਰਣਾਲੀ ਸ਼ੁਰੂ ਕਰ ਚੁੱਕਾ ਹੈ ਅਤੇ ਛੇਤੀ ਹੀ ਆਮ ਖਪਤਕਾਰ ਨੂੰ ਵੀ ਰਾਹਤ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡਾ ਨਿਸ਼ਾਨਾ ਦਫ਼ਤਰਾਂ ਦੇ ਫਾਈਲ ਬੋਝ ਨੂੰ ਘੱਟ ਕਰਨਾ, ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਸਮਾਂ-ਸੀਮਾ ਘੱਟ ਤੋਂ ਘੱਟ ਕਰਨ ਦਾ ਹੈ ਅਤੇ ਇਹ ਮਕਸਦ ਕੇਵਲ ਆਨ ਲਾਈਨ ਪ੍ਰਣਾਲੀ ਹੀ ਕਰ ਸਕਦੀ ਹੈ।