ਪੰਜਾਬ ਸਰਕਾਰ ਵਲੋਂ ਸੈਕਸ਼ਨ ਅਫ਼ਸਰਾਂ ਦੀਆਂ ਆਸਾਮੀਆਂ ਭਰਨ ਦਾ ਫ਼ੈਸਲਾ

ਚੰਡੀਗੜ੍ਹ, 26 ਸਤੰਬਰ (ਏਜੰਸੀ) – ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਪਈਆਂ ਸੈਕਸ਼ਨ ਅਫ਼ਸਰਾਂ (ਐਸ.ਏ.ਐਸ.) ਦੀਆਂ ਆਸਾਮੀਆਂ ਭਰਨ ਦਾ ਫ਼ੈਸਲਾ ਲਿਆ ਹੈ। ਵਿੱਤ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤ ਵਿਭਾਗ (ਖ਼ਜ਼ਾਨਾ ਅਤੇ ਲੇਖਾ) ਵਲੋਂ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਖ਼ਾਲੀ ਪਈਆਂ……. ਸੈਕਸ਼ਨ ਅਫ਼ਸਰਾਂ (ਐਸ.ਏ.ਐਸ.) ਦੀਆਂ ਲਗਭਗ 145 ਆਸਾਮੀਆਂ ਨੂੰ ਭਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਆਸਾਮੀਆਂ ਮੁਕੰਮਲ ਤੌਰ ‘ਤੇ ਪੰਜਾਬ ਰਾਜ ਦੇ ਐਸ.ਏ.ਐਸ. ਕਾਡਰ ਤੋਂ ਸੇਵਾ ਮੁਕਤ ਹੋ ਚੁੱਕੇ ਅਧਿਕਾਰੀਆਂ ਵਿੱਚੋਂ ਹੀ ਭਰੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਆਸਾਮੀਆਂ ਦੀ ਗਿਣਤੀ ਲੋੜ ਮੁਤਾਬਕ ਘੱਟ-ਵੱਧ ਹੋ ਸਕਦੀ ਹੈ। ਬੁਲਾਰੇ ਨੇ ਦੱਸਿਆ ਕਿ 64 ਸਾਲ ਤੋਂ ਘੱਟ ਉਮਰ ਵਾਲੇ ਸੇਵਾ ਮੁਕਤ ਐਸ.ਏ.ਐਸ. ਅਧਿਕਾਰੀ, ਜੋ ਸੈਕਸ਼ਨ ਅਫ਼ਸਰ ਦੀ ਆਸਾਮੀ ‘ਤੇ ਕੰਮ ਕਰਨ ਦੇ ਚਾਹਵਾਨ ਹੋਣ, ਉਹ ਇਸ ਲਈ ਬਿਨੈ ਪੱਤਰ ਦੇ ਸਕਦੇ ਹਨ।
ਬੁਲਾਰੇ ਮੁਤਾਬਕ ਬਿਨੈਕਾਰ ਸਾਦੇ ਕਾਗ਼ਜ਼ ‘ਤੇ 5 ਅਕਤੂਬਰ, 2012 ਤੱਕ ਡਾਇਰੈਕਟਰ ਖ਼ਜ਼ਾਨਾ ਤੇ ਲੇਖਾ ਸ਼ਾਖ਼ਾ, ਐਸ.ਸੀ.ਓ.-110 ਤੇ 111, ਸੈਕਟਰ ੧੭-ਸੀ, ਚੰਡੀਗੜ੍ਹ ਵਿਖੇ ਬਿਨੈ ਪੱਤਰ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨੌਕਰੀ ਨਾਲ ਸਬੰਧਤ ਬਾਕੀ ਸੇਵਾ ਤੇ ਸ਼ਰਤਾਂ ਦੀ ਕਾਪੀ ਡਾਇਰੈਕਟਰ ਖ਼ਜ਼ਾਨਾ ਅਤੇ ਲੇਖਾ ਦੇ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।