ਚਾਰ ਪ੍ਰਮੁੱਖ ਨਹਿਰਾਂ ਦੇ ਨਵੀਨੀਕਰਨ ਨੂੰ ਮਨਜ਼ੂਰੀ : ਠੰਡਲ

23.46 ਕਰੋੜ ਦੀ ਲਾਗਤ ਨਾਲ ਤਿੰਨ ਮਹੀਨੇ ‘ਚ ਪੂਰਾ ਹੋਵੇਗਾ ਪ੍ਰਾਜੈਕਟ
ਚੰਡੀਗੜ੍ਹ, 26 ਸਤੰਬਰ (ਏਜੰਸੀ) – ਨਹਿਰੀ ਪਾਣੀ ਰਾਹੀਂ ਸਿੰਜਾਈ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਾਰ ਪ੍ਰਮੁੱਖ ਨਹਿਰਾਂ ਦੇ ਨਵੀਨੀਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰਾਜੈਕਟ ਨੂੰ ਤਿੰਨ ਮਹੀਨੇ ਅੰਦਰ ਪੂਰਾ ਕੀਤਾ ਜਾਵੇਗਾ ਜਿਸ ‘ਤੇ ਕੁੱਲ ਖ਼ਰਚਾ 23.46 ਕਰੋੜ ਰੁਪਏ ਹੋਵੇਗਾ। ਇਹ ਜਾਣਕਾਰੀ ਸਿੰਜਾਈ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਸੋਹਣ ਸਿੰਘ ਠੰਡਲ ਵੱਲੋਂ ਦਿੱਤੀ ਗਈ। ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਮੀਟਿੰਗ…….. ਵਿੱਚ ਸਿੰਜਾਈ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਦੇ ਉਦਮਾਂ ਸਦਕਾ ਨਹਿਰਾਂ ਦੇ ਨਵੀਨੀਕਰਨ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਵੀ 23.46 ਕਰੋੜ ਰੁਪਏ ਦੇ ਖ਼ਰਚ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਸ. ਠੰਡਲ ਨੇ ਦੱਸਿਆ ਕਿ ਜਿਨ੍ਹਾਂ ਨਹਿਰਾਂ ਦਾ ਨਵੀਨੀਕਰਨ ਕੀਤਾ ਜਾਣਾ ਹੈ, ਉਨ੍ਹਾਂ ਵਿੱਚ ਬਠਿੰਡਾ ਜ਼ਿਲ੍ਹੇ ਵਿੱਚ ਪੈਣ ਵਾਲੀ ਘੁੰਮਣ ਡਿਸਟ੍ਰੀਬਿਊਟਰੀ, ਮਾਨਸਾ ਡਿਸਟ੍ਰੀਬਿਊਟਰੀ ਅਤੇ ਜੋਧਪੁਰ ਡਿਸਟ੍ਰੀਬਿਊਟਰੀ ਅਤੇ ਇਸ ਦੀਆਂ ਨਹਿਰਾਂ ਮਾਈਨਰ-1 ਅਤੇ ਮਾਈਨਰ-2 ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਹਿਰਾਂ ਦੇ ਇਸ ਨਵੀਨੀਕਰਨ ਪ੍ਰਾਜੈਕਟ ਨੂੰ ਤਿੰਨ ਮਹੀਨੇ ਅੰਦਰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਘੁੰਮਣ ਡਿਸਟ੍ਰੀਬਿਊਟਰੀ ਦੇ ਨਵੀਨੀਕਰਨ ‘ਤੇ 19.87 ਕਰੋੜ ਰੁਪਏ ਖ਼ਰਚ ਹੋਣਗੇ ਜਦ ਕਿ ਮਾਨਸਾ ਡਿਸਟ੍ਰੀਬਿਊਟਰੀ ਦੇ ਨਵੀਨੀਕਰਨ ‘ਤੇ 54.88 ਲੱਖ ਰੁਪਏ ਅਤੇ ਜੋਧਪੁਰ ਡਿਸਟ੍ਰੀਬਿਊਟਰੀ ਤੇ ਇਸ ਦੇ ਮਾਈਨਰ-1 ਅਤੇ ਮਾਈਨਰ-2 ਦੇ ਨਵੀਨੀਕਰਨ ‘ਤੇ 3 ਕਰੋੜ 3 ਲੱਖ 76 ਹਜ਼ਾਰ ਰੁਪਏ ਖ਼ਰਚ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਵੱਲੋਂ ਬੜੇ ਚਿਰ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਨਹਿਰਾਂ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਨਹਿਰਾਂ ਦੇ ਕਿਨਾਰਿਆਂ ਵਿੱਚੋਂ ਹੋ ਰਹੀ ਸੇਮ ਨੂੰ ਰੋਕਿਆ ਜਾ ਸਕੇ ਅਤੇ ਕਿਸਾਨਾਂ ਦੀਆਂ ਜਿਨਸਾਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮਾਨਸਾ ਡਿਸਟ੍ਰੀਬਿਊਟਰੀ ਦੇ ਮਾਈਨਰਾਂ ਅਤੇ ਰਜਬਾਹਿਆਂ ਦੀ ਲਾਈਨਿੰਗ ਪੁਰਾਣੀ ਹੋ ਚੁੱਕੀ ਸੀ ਜਿਸ ਕਾਰਨ ਇਹ ਸਮਰੱਥਾ ਅਨੁਸਾਰ ਪਾਣੀ ਨਹੀਂ ਲੈ ਰਹੀਆਂ ਸਨ ਅਤੇ ਸਿੰਜਾਈ ਸਹੂਲਤਾਂ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀਆਂ ਸਨ।
ਮੁੱਖ ਸੰਸਦੀ ਸਕੱਤਰ ਨੇ ਦੱਸਿਆ ਕਿ ਇਸ ਪ੍ਰਮੁੱਖ ਸਮੱਸਿਆ ਨੂੰ ਮੁੱਖ ਰੱਖਦਿਆਂ ਹੀ ਸਿੰਜਾਈ ਮੰਤਰੀ ਸ. ਸੇਖੋਂ ਵੱਲੋਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਗਈ ਸੀ ਕਿ ਨਹਿਰਾਂ ਦੇ ਨਵੀਨੀਕਰਨ ਲਈ ਬਜਟ ਦਾ ਪ੍ਰਬੰਧ ਕੀਤਾ ਜਾਵੇ, ਜੋ ਵਿੱਤ ਵਿਭਾਗ ਨੇ ਮਨਜ਼ੂਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਬਾਕੀ ਨਹਿਰਾਂ ਦੇ ਕਿਨਾਰਿਆਂ ਦੀ ਮਜ਼ਬੂਤੀ ਦਾ ਕੰਮ ਵੀ ਜਾਰੀ ਹੈ।