ਫਰਾਂਸ ਤੇ ਬਰਤਾਨੀਆ ਵੱਲੋਂ ਭਾਰਤ ਦੀ ਯੂਐੱਨ ’ਚ ਸਥਾਈ ਮੈਂਬਰਸ਼ਿਪ ਦੀ ਹਮਾਇਤ

ਸੰਯੁਕਤ ਰਾਸ਼ਟਰ, 15 ਦਸੰਬਰ – ਫਰਾਂਸ ਤੇ ਬਰਤਾਨੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਇੱਕ ਵਾਰ ਫਿਰ ਹਮਾਇਤ ਕੀਤੀ ਹੈ। ਯੂਐੱਨਐੱਸਸੀ ’ਚ ‘ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਦੀ ਸੰਭਾਲ: ਸੋਧੇ ਹੋਏ ਬਹੁਲਵਾਦ ਲਈ ਨਵੀਂ ਦਿਸ਼ਾ’ ਵਿਸ਼ੇ ’ਤੇ ਖੁੱਲ੍ਹੀ ਬਹਿਸ ਦੌਰਾਨ ਸੰਯੁਕਤ ਰਾਸ਼ਟਰ ’ਚ ਫਰਾਂਸ ਦੇ ਰਾਜਦੂਤ ਨਿਕੋਲਸ ਡੀ ਰਿਵੀਅਰੇ ਨੇ ਕਿਹਾ, ‘ਫਰਾਂਸ ਸਥਾਈ ਮੈਂਬਰਾਂ ਵਜੋਂ ਜਰਮਨੀ, ਬ੍ਰਾਜ਼ੀਲ, ਭਾਰਤ ਤੇ ਜਪਾਨ ਦੇ ਦਾਅਵਿਆਂ ਦੀ ਹਮਾਇਤ ਕਰਦਾ ਹੈ। ਉਹ ਸਥਾਈ ਤੇ ਅਸਥਾਈ ਦੋਵਾਂ ਮੈਂਬਰਾਂ ਵਿੱਚ ਅਫਰੀਕੀ ਦੇਸ਼ਾਂ ਦੀ ਮਜ਼ਬੂਤ ਹਾਜ਼ਰੀ ਵੀ ਦੇਖਣਾ ਚਾਹੁੰਦਾ ਹੈ।’ ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੀਤੀ। ਰਿਵੀਅਰੇ ਨੇ ਕਿਹਾ ਕਿ ਸੁਰੱਖਿਆ ਕੌਂਸਲ ਹਮੇਸ਼ਾ ‘ਸਾਡੇ ਸਮੂਹਿਕ ਸੁਰੱਖਿਆ ਢਾਂਚੇ ਦਾ ਮੁੱਖ ਆਧਾਰ ਰਹੇਗੀ।’ ਬਰਤਾਨੀਆ ਦੀ ਰਾਜਦੂਤ ਬਾਰਬਰਾ ਵੁੱਡਵਰਡ ਨੇ ਕਿਹਾ ਕਿ ਬਰਤਾਨੀਆ ਦੇ ਵਿਦੇਸ਼ ਮੰਤਰੀ ਜੇਮਸ ਕਲੈਵਰਲੀ ਨੇ ਇਸ ਹਫ਼ਤੇ ਜਨਤਕ ਤੌਰ ’ਤੇ ਇਹ ਗੱਲ ਦੁਹਰਾਈ ਸੀ ਕਿ ਉਹ ਬ੍ਰਾਜ਼ੀਲ, ਜਰਮਨੀ, ਭਾਰਤ ਤੇ ਜਪਾਨ ਦੀ ਸਥਾਈ ਮੈਂਬਰਸ਼ਿਪ ਤੇ ਅਫਰੀਕੀ ਮੁਲਕਾਂ ਦੀ ਸਥਾਈ ਹਾਜ਼ਰੀ ਦੀ ਹਮਾਇਤ ਕਰਦੇ ਹਨ। ਵੁੱਡਵਰਡ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੁਨੀਆ 1945 ਮੁਕਾਬਲੇ ਹੁਣ ਕਾਫੀ ਬਦਲ ਗਈ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਸਥਾਪਨਾ ਹੋਈ ਸੀ। ਉਨ੍ਹਾਂ ਕਿਹਾ, ‘ਇਹ ਸਹੀ ਹੈ ਕਿ ਅਸੀਂ ਇਸ ਗੱਲ ’ਤੇ ਵਿਚਾਰ ਕਰੀਏ ਕਿ ਸੰਯੁਕਤ ਰਾਸ਼ਟਰ ਤੇ ਬਹੁ-ਪੱਖੀ ਪ੍ਰਬੰਧ ਕਿਵੇਂ ਵਿਕਸਤ ਹੋਣੇ ਚਾਹੀਦੇ ਹਨ। ਜਿਵੇਂ ਕਿ ਹੋਰਾਂ ਨੇ ਵੀ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਨੂੰ ਅੱਜ ਦੁਨੀਆ ਦੀ ਵੱਧ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੋਣਾ ਚਾਹੀਦਾ ਹੈ ਅਤੇ ਬਰਤਾਨੀਆ ਲੰਮੇ ਸਮੇਂ ਤੋਂ ਸਥਾਈ ਤੇ ਅਸਥਾਈ ਸ਼੍ਰੇਣੀਆਂ ’ਚ ਇਸ ਦੇ ਵਿਸਥਾਰ ਦੀ ਮੰਗ ਕਰ ਰਿਹਾ ਹੈ।’