ਫੀਫਾ ਵਰਲਡ ਕੱਪ: ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾ ਕੇ ਫਾਈਨਲ ‘ਚ ਥਾਂ ਬਣਾਈ

ਫਰਾਂਸ ਤੇ ਅਰਜਨਟੀਨਾ ਵਿਚਾਲੇ ਖ਼ਿਤਾਬੀ ਭੇੜ, ਦੋਵੇਂ ਟੀਮਾਂ ਤੀਜੀ ਵਾਰ ਚੈਂਪੀਅਨ ਬਣਨ ਲਈ ਕਰਨਗੀਆਂ ਜ਼ੋਰ-ਅਜ਼ਮਾਈ
ਅਲ ਖੋਰ (ਕਤਰ), 15 ਦਸੰਬਰ – ਫੀਫਾ ਵਰਲਡ ਕੱਪ ਦਾ ਖ਼ਿਤਾਬੀ ਮੁਕਾਬਲਾ ਫਰਾਂਸ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਜਵੇਗਾ। ਫਰਾਂਸ ਨੇ ਵੀਰਵਾਰ ਖੇਡੇ ਗਏ ਸੈਮੀਫਾਈਨਲ ਵਿੱਚ ਮੋਰੱਕੋ ਨੂੰ 2-0 ਨਾਲ ਹਰਾ ਕੇ ਫਾਈਨਲ ’ਚ ਪਹੁੰਚਿਆ ਹੈ।
ਕਤਰ ਦੇ ਅਲ ਬਾਯਤ ਸਟੇਡੀਅਮ ਵਿੱਚ ਫਰਾਂਸ ਦੀ ਟੀਮ ਨੇ ਆਪਣੇ ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਮੌਜੂਦਗੀ ਵਿੱਚ ਖੇਡੇ ਗਏ ਸੈਮੀਫਾਈਨਲ ਵਿੱਚ ਅਰਬ ਅਫ਼ਰੀਕੀ ਮੁਲਕ ਮੋਰੱਕੋ ਦੀ ਟੀਮ ਨੂੰ 2-0 ਨਾਲ ਹਰਾਇਆ। ਫਰਾਂਸ ਵੱਲੋਂ ਥਿਓ ਹਰਨਾਂਡੇਜ਼ ਨੇ 5ਵੇਂ ਮਿੰਟ ਵਿੱਚ ਅਤੇ ਬਦਲਵੇਂ ਖਿਡਾਰੀ ਵਜੋਂ ਮੈਦਾਨ ’ਚ ਉੱਤਰੇ ਰਾਂਡਲ ਕੋਲੋ ਮੁਆਨੀ ਨੇ 79ਵੇਂ ਮਿੰਟ ਵਿੱਚ ਗੋਲ ਦਾਗੇ। ਵਿਸ਼ਵ ਕੱਪ ਸੈਮਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਅਰਬ ਅਫਰੀਕੀ ਟੀਮ ਮੋਰੱਕੋ ਨੂੰ ਫਰਾਂਸ ਵਿਰੁੱਧ ਮੈਚ ਦੌਰਾਨ ਪੂਰਾ ਪਸੀਨਾ ਵਹਾਉਣਾ ਪਿਆ ਪਰ ਉਸ ਦੇ ਖਿਡਾਰੀ ਮੌਜੂਦਾ ਆਲਮੀ ਚੈਂਪੀਅਨ ਟੀਮ ਖ਼ਿਲਾਫ਼ ਗੋਲ ਕਰਨ ’ਚ ਅਸਫਲ ਰਹੇ। ਹਾਲਾਂਕਿ ਨਾਕਆਊਟ ਮੈਚਾਂ ਦੌਰਾਨ ਮੋਰੱਕੋ ਨੇ ਸਪੇਨ ਅਤੇ ਪੁਰਤਗਾਲ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ।
ਦੂਜੇ ਪਾਸੇ ਫਰਾਂਸ ਤੇ ਅਰਜਨਟੀਨਾ ਵਿਚਾਲੇ ਫਾਈਨਲ ਮੈਚ ਨੂੰ ‘ਮਬਾਪੇ ਬਨਾਮ ਮੈਸੀ’ ਮੁਕਾਬਲੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਕਿਲੀਅਨ ਮਬਾਪੇ 2018 ਵਿੱਚ ਰੂਸ ਵਿੱਚ ਹੋਏ ਵਿਸ਼ਵ ਕੱਪ ਵਿੱਚ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਉਣ ਮਗਰੋਂ ਵਿਸ਼ਵ ਪੱਧਰ ’ਤੇ ਸੁਰਖੀਆਂ ਵਿੱਚ ਆਇਆ ਸੀ। ਫਰਾਂਸ ਦਾ ਮਬਾਪੇ ਅਤੇ ਅਰਜਨਟੀਨਾ ਦਾ ਲਿਓਨਲ ਮੈਸੀ ਇਸ ਵਰਲਡ ਕੱਪ ’ਚ ਹੁਣ ਤੱਕ 5-5 ਗੋਲ ਕਰ ਚੁੱਕੇ ਹਨ। ਇਸੇ ਦੌਰਾਨ ਫਰਾਂਸ ਦੀ ਨਜ਼ਰ ਫਾਈਨਲ ਵਿੱਚ ਜਿੱਤ ਹਾਸਲ ਕਰਕੇ ਬਰਾਜ਼ੀਲ ਤੋਂ ਬਾਅਦ ਲਗਾਤਾਰ ਦੋ ਵਾਰ ਵਰਲਡ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣਨ ’ਤੇ ਹੋਵੇਗੀ ਜਿਸ ਨੇ 1962 ਵਿੱਚ ਇਹ ਪ੍ਰਾਪਤੀ ਕੀਤੀ ਸੀ।
ਜਦਕਿ ਅਰਜਨਟੀਨਾ ਦੀ ਟੀਮ ਵੀ ਤੀਜੀ ਵਾਰ ਵਿਸ਼ਵ ਕੱਪ ਖ਼ਿਤਾਬ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਕਰੇਗੀ ਜੋ ਉਸ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਦਾ ਆਖਰੀ ਵਰਲਡ ਕੱਪ ਹੈ। ਦੋਵੇਂ ਟੀਮਾਂ ਹੁਣ ਤੱਕ ਦੋ-ਦੋ ਵਾਰ ਵਰਲਡ ਕੱਪ ਜਿੱਤ ਚੁੱਕੀਆਂ ਹਨ ਤੇ ਤੀਜੀ ਵਾਰ ਖ਼ਿਤਾਬ ਹਾਸਲ ਕਰਨ ਲਈ ਇੱਕ ਦੂਜੇ ਨੂੰ ਫਸਵੀਂ ਟੱਕਰ ਦੇਣ ਦੀ ਕੋਸ਼ਿਸ਼ ਕਰਨਗੀਆਂ।