ਫੀਫਾ ਮਹਿਲਾ ਵਰਲਡ ਕੱਪ: ਸਵੀਡਨ ਨੇ ਕਾਂਸੀ ਤਗਮੇ ਦੇ ਮੈਚ ਵਿੱਚ ਆਸਟਰੇਲੀਆ ਨੂੰ 2-0 ਨਾਲ ਹਰਾਇਆ

ਬ੍ਰਿਸਬਨ, 19 ਅਗਸਤ – ਅੱਜ ਇੱਥੇ ਸਵੀਡਨ ਨੇ ਤੀਜੇ ਸਥਾਨ ਦੇ ਪਲੇਅ-ਆਫ ਮੈਚ ਵਿੱਚ ਸਹਿ-ਮੇਜ਼ਬਾਨ ਆਸਟਰੇਲੀਆ ਨੂੰ 2-0 ਨਾਲ ਹਰਾ ਕੇ ਮਹਿਲਾ ਵਰਲਡ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਕਾਂਸੇ ਦਾ ਤਗਮਾ ਜਿੱਤ ਲਿਆ ਹੈ। ਸਵੀਡਨ ਲਈ ਫਰੀਡੋਲੀਨਾ ਰੋਲਫੋ ਅਤੇ ਕੋਸੋਵਾਰੇ ਅਸਲਾਨੀ ਨੇ ਗੋਲ ਕੀਤੇ।
ਇਸ ਤਰ੍ਹਾਂ ਸਵੀਡਨ ਨੇ ਵਰਲਡ ਕੱਪ ਵਿੱਚ ਤੀਜੇ ਸਥਾਨ ਲਈ ਖੇਡੇ ਗਏ ਮੈਚਾਂ ਵਿੱਚ ਆਪਣਾ ਰਿਕਾਰਡ ਕਾਇਮ ਰੱਖਿਆ। ਸਵੀਡਨ ਨੇ ਚੌਥੀ ਵਾਰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਮਗਰੋਂ ਤੀਜੇ ਸਥਾਨ ਦਾ ਮੈਚ ਜਿੱਤਿਆ ਹੈ।
ਆਸਟਰੇਲੀਆ ਲਈ ਟੂਰਨਾਮੈਂਟ ਦਾ ਅੰਤ ਨਿਰਾਸ਼ਾਜਨਕ ਰਿਹਾ। ਉਸ ਨੇ ਸਹਿ ਮੇਜ਼ਬਾਨ ਦਾ ਫਾਇਦਾ ਉਠਾ ਕੇ ਪਹਿਲੀ ਵਾਰ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ। ਆਸਟਰੇਲੀਆ ਨੂੰ ਲਗਾਤਾਰ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਖੇਡੇ ਗਏ ਇਸ ਟੂਰਨਾਮੈਂਟ ਨੂੰ ਰਿਕਾਰਡ ਦਰਸ਼ਕਾਂ ਨੇ ਦੇਖਿਆ।