ਫੀਫਾ ਵਰਲਡ ਕੱਪ 2018: ਸੈਮੀ-ਫਾਈਨਲ ਬੈਲਜੀਅਮ ਤੇ ਫ਼ਰਾਂਸ ਅਤੇ ਇੰਗਲੈਂਡ ਤੇ ਕ੍ਰੋਏਸ਼ੀਆ ਭਿੜਨਗੀਆਂ

ਰੂਸ, 8 ਜੁਲਾਈ –  ਵਰਲਡ ਕੱਪ 2018 ਦੇ ਕੁਆਟਰ ਫਾਈਨਲ ਮੁਕਾਬਲਿਆਂ ਵਿੱਚ ਬੈਲਜੀਅਮ ਨੇ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਨੂੰ 2-1 ਨਾਲ ਹਰਾ ਕੇ ਦੂਜੀ ਵਾਰ ਸੈਮੀ ਫਾਈਨਲ ਵਿੱਚ ਥਾਂ ਬਣਾਈ ਹੈ ਜਦੋਂ ਕਿ ਫ਼ਰਾਂਸ ਨੇ ਯੁਰੂਗੁਏ ਨੂੰ 2-0, ਇੰਗਲੈਂਡ ਨੇ ਸਵੀਡਨ 2-0 ਅਤੇ ਕ੍ਰੋਏਸ਼ੀਆ ਨੇ ਪੈਨਲਟੀ-ਸ਼ੂਟ ਆਊਟ ਵਿੱਚ ਮੇਜ਼ਬਾਨ ਰੂਸ ਨੂੰ 4-3 ਨਾਲ ਹਰਾ ਕੇ ਸੈਮੀ-ਫਾਈਨਲ ਵਿੱਚ ਥਾਂ ਬਣਾਈ ਹੈ। ਬ੍ਰਾਜ਼ੀਲ ਦੀ ਹਾਰ ਦੇ ਨਾਲ ਹੀ ਇਹ ਵੀ ਤੈਅ ਹੋ ਗਿਆ ਸੀ ਕਿ ਇਸ ਵਾਰ ਵਰਲਡ ਕੱਪ ਚੈਂਪੀਅਨ ਕੋਈ ਯੂਰਪੀ ਟੀਮ ਹੀ ਬਣੇਗੀ।
ਹੁਣ 10 ਜੁਲਾਈ ਨੂੰ ਪਹਿਲੇ ਸੈਮੀ ਫਾਈਨਲ ਵਿੱਚ 1998 ਦੀ ਚੈਂਪੀਅਨ ਫਰਾਂਸ ਤੇ ਬੈਲਜੀਅਮ ਭਿੜਨਗੇ, ਜਦੋਂ ਕਿ ਜਦੋਂ ਕਿ ਦੂਜਾ ਸੈਮੀ-ਫਾਈਨਲ 11 ਜੁਲਾਈ ਨੂੰ ਇੰਗਲੈਂਡ ਤੇ ਕ੍ਰੋਏਸ਼ੀਆ ਵਿਚਾਲੇ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ 1990 ਤੋਂ ਬਾਅਦ ਹੁਣ 28 ਸਾਲਾਂ ਦੇ ਮਗਰੋਂ ਸੈਮੀ-ਫਾਈਨਲ ਵਿੱਚ ਪੁੱਜੀ ਹੈ। ਕ੍ਰੋਸ਼ੀਆ 1998 ਮਗਰੋਂ ਦੋ ਦਹਾਕਿਆਂ ਬਾਅਦ ਪਹਿਲੀ ਵਾਰ ਸੈਮੀ-ਫਾਈਨਲ ਵਿੱਚ ਖੇਡੇਗੀ।