ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕੈਂਸਰ ਨਾਲ ਜੂਝ ਰਹੀ ਹੈ

ਮੁੰਬਈ, 5 ਜੁਲਾਈ – ਅਦਾਕਾਰ ਇਰਫ਼ਾਨ ਖਾਨ ਦੇ ਕੈਂਸਰ ਦੇ ਰੋਗ ਦੀ ਖ਼ਬਰ ਤੋਂ ਸਦਮੇ ਵਿੱਚ ਚੱਲ ਰਹੇ ਬਾਲੀਵੁੱਡ ਫੈਂਸ ਨੂੰ ਇੱਕ ਹੋਰ ਬੁਰੀ ਖ਼ਬਰ ਮਿਲੀ। ਜਦੋਂ 4 ਜੁਲਾਈ ਦਿਨ ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਦੱਸਿਆ ਕਿ ਉਹ ਹਾਈਗਰੇਡ ਮੇਟਾਸਟੈਟੀਕ ਕੈਂਸਰ ਨਾਲ ਜੂਝ ਰਹੀ ਹੈ ਤੇ ਨਿਊਯਾਰਕ ਵਿੱਚ ਆਪਣਾ ਇਲਾਜ ਕਰਵਾ ਰਹੀ ਹੈ। ਇਸ ਤੋਂ ਉਨ੍ਹਾਂ ਦੇ ਫੈਂਸ ਅਤੇ ਬਾਲੀਵੁੱਡ ਜਗਤ ਨੂੰ ਬਹੁਤ ਵੱਡਾ ਧੱਕਾ ਲਗਾ।
ਅਦਾਕਾਰਾ ਸੋਨਾਲੀ ਬੇਂਦਰੇ ਨੇ ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਆਪਣੀ ਸਿਹਤ ਸਬੰਧੀ ਇਸ ਖ਼ਬਰ ਨੂੰ ਲੋਕਾਂ ਨਾਲ ਸਾਂਝਾ ਕੀਤਾ। ਉਸ ਨੇ ਆਪਣੇ ਪਰਿਵਾਰ, ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ ਜੋ ਉਸ ਦਾ ਸਾਥ ਦੇ ਰਹੇ ਹਨ। ਆਪਣੀ ਲੰਬੀ ਚੌੜੀ ਪੋਸਟ ਵਿੱਚ ਉਸ ਨੇ ਕਿਹਾ ਕਿ ਜਦੋਂ ਤੁਸੀਂ ਜ਼ਿੰਦਗੀ ਤੋਂ ਕੁੱਝ ਵਧ ਹੀ ਉਮੀਦਾਂ ਲਾ ਬੈਠਦੇ ਹੋ ਤਾਂ ਪਤਾ ਨਹੀਂ ਜ਼ਿੰਦਗੀ ਕਿਹੜੀ ਕਰਵੱਟ ਲੈ ਲੈਂਦੀ ਹੈ। ਉਸ ਨੇ ਕਿਹਾ ਕਿ ਉਸ ਵੱਲੋਂ ਕਰਾਏ ਟੈੱਸਟਾਂ ਵਿੱਚ ਉਸ ਦੇ ਸਰੀਰ ਵਿੱਚ ਕੈਂਸਰ ਪਾਇਆ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਦੋਸਤ ਉਸ ਦੀ ਇਸ ਬਿਮਾਰੀ ਨਾਲ ਲੜਨ ਲਈ ਪੂਰੀ ਮਦਦ ਕਰ ਰਹੇ ਹਨ ਜਿਸ ਦੀ ਉਹ ਧੰਨਵਾਦੀ ਹੈ।
ਅਦਾਕਾਰਾ ਸੋਨਾਲੀ ਬੇਂਦਰੇ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਉਣ ਦੇ ਬਾਅਦ ਅਦਾਕਾਰ ਅਕਸ਼ੇ ਕੁਮਾਰ ਉਨ੍ਹਾਂ ਨੂੰ ਮਿਲਣ ਪੁੱਜੇ। ਜ਼ਿਕਰਯੋਗ ਹੈ ਕਿ ਅਕਸ਼ੇ ਇਨ੍ਹੀਂ ਦਿਨੀਂ ਪਰਵਾਰ ਦੇ ਨਾਲ ਨਿਊਯਾਰਕ ਵਿੱਚ ਛੁੱਟੀਆਂ ਮਨਾ ਰਹੇ ਹਨ। ਉੱਥੇ ਹੀ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਟਵਿੱਟਰ ਉੱਤੇ ਸੋਨਾਲੀ ਬੇਂਦਰੇ ਦੀ ਸਪੋਰਟ ਕਰਦੇ ਹੋਏ ਟਵੀਟ ਕੀਤੇ। ਸੋਨਾਲੀ ਨੂੰ ਕੈਂਸਰ ਹੋਣ ਦੀ ਖ਼ਬਰ ਨੇ ਹਰ ਕਿਸੇ ਨੂੰ ਅੰਦਰ ਤੋਂ ਹਿੱਲਿਆ ਕੇ ਰੱਖ ਦਿੱਤਾ ਹੈ। ਬਾਲੀਵੁੱਡ ਅਦਾਕਾਰਾਂ ਨੇ ਸੋਨਾਲੀ ਨੂੰ ਹਿੰਮਤ ਤੋਂ ਕੈਂਸਰ ਨਾਲ ਲੜਨ ਲਈ ਸੁਨੇਹਾ ਦਿੱਤਾ ਹੈ।